ਜੰਮੂ ਕਸ਼ਮੀਰ : ਸ਼ਹੀਦ ਜਵਾਨਾਂ ਨੂੰ ਉੱਪ ਰਾਜਪਾਲ, ਫੌਜ ਦੀ ਉੱਤਰੀ ਕਮਾਨ ਦੇ ਕਮਾਂਡਰ ਨੇ ਦਿੱਤੀ ਸ਼ਰਧਾਂਜਲੀ

11/24/2023 1:52:54 PM

ਰਾਜੌਰੀ (ਭਾਸ਼ਾ)- ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਮੁਕਾਬਲੇ ਦੌਰਾਨ ਸ਼ਹੀਦ ਹੋਏ 5 ਜਵਾਨਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਉੱਪ ਰਾਜਪਾਲ ਮਨੋਜ ਸਿਨਹਾ, ਫ਼ੌਜ ਦੀ ਉੱਤਰੀ ਕਮਾਨ ਦੇ ਕਮਾਂਡਰ ਲੈਫੀਨੈਂਟ ਜਨਰਲ ਉਪੇਂਦਰ ਦਿਵੇਦੀ, ਫ਼ੌਜ ਦੇ ਅਧਿਕਾਰੀਆਂ ਅਤੇ ਪੁਲਸ ਨੇ ਸ਼ੁੱਕਰਵਾਰ ਨੂੰ ਸ਼ਰਧਾਂਜਲੀ ਭੇਟ ਕੀਤੀ। 5 ਜਵਾਨਾਂ ਦੀਆਂ ਮ੍ਰਿਤਕ ਦੇਹਾਂ ਰਾਜੌਰੀ ਤੋਂ ਜੰਮੂ ਦੇ ਆਰਮੀ ਜਨਰਲ ਹਸਪਤਾਲ ਲਿਆਂਦੀਆਂ ਗਈਆਂ। ਉੱਪ ਰਾਜਪਾਲ ਸਿਨਹਾ, ਲੈਫਟੀਨੈਂਟ ਜਨਰਲ ਦਿਵੇਦੀ, ਚੀਫ਼ ਸਕੱਤਰ ਡਾ. ਏ.ਕੇ. ਮੇਹਤਾ, ਪੁਲਸ ਜਨਰਲ ਡਾਇਰੈਕਟਰ ਆਰ.ਆਰ. ਸਵੈਨ, ਮੰਡਲ ਕਮਿਸ਼ਨਰ ਰਮੇਸ਼ ਕੁਮਾਰ ਅਤੇ ਪੁਲਸ ਜਨਰਲ ਇੰਪੈਕਟਰ ਆਨੰਦ ਜੈਨ ਸਮੇਤ ਵੱਡੀ ਗਿਣਤੀ 'ਚ ਮੌਜੂਦ ਹਥਿਆਰਬੰਦ ਫ਼ੋਰਸਾਂ ਦੇ ਅਧਿਕਾਰੀਆਂ, ਨਾਗਰਿਕਾਂ ਅਤੇ ਪੁਲਸ ਨੇ ਪੂਰੇ ਫ਼ੌਜੀ ਸਨਮਾਨ ਨਾਲ ਫ਼ੌਜ ਦੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। 

PunjabKesari

ਅੱਤਵਾਦੀਆਂ ਨਾਲ ਮੁਕਾਬਲਾ ਕਰਦੇ ਹੋਏ ਆਪਣੀ ਜਾਨ ਗੁਆਉਣ ਵਾਲੇ ਇਹ ਜਵਾਨ ਕਰਨਾਟਕ ਦੇ ਮੰਗਲੋਰ  ਵਾਸੀ ਕੈਪਟਨ ਐੱਮ.ਵੀ. ਪ੍ਰਾਂਜਲ (63 ਰਾਸ਼ਟਰੀ ਰਾਈਫ਼ਲਜ਼), ਉੱਤਰ ਪ੍ਰਦੇਸ਼ ਦੇ ਆਗਰਾ ਵਾਸੀ ਕੈਪਟਨ ਸ਼ੁਭਮ ਗੁਪਤਾ (9 ਪੈਰਾ), ਜੰਮੂ ਕਸ਼ਮੀਰ ਦੇ ਪੁੰਛ ਵਾਸੀ ਹੌਲਦਾਰ ਅਬਦੁੱਲ ਮਾਜਿਦ, ਉੱਤਰਾਖੰਡ ਦੇ ਨੈਨੀਤਾਲ ਦੇ ਰਹਿਣ ਵਾਲੇ ਲਾਂਸ ਨਾਇਕ ਸੰਜੇ ਬਿਸ਼ਟ ਅਤੇ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦੇ ਪੈਰਾਟਿਊਪਰ ਸਚਿਨ ਲੌਰ ਹਨ। ਅਧਿਕਾਰੀਆਂ ਨੇ ਕਿਹਾ ਕਿ ਤਿਰੰਗੇ 'ਚ ਲਿਪਟੇ, ਫ਼ੌਜ ਦੇ ਸ਼ਹੀਦ ਜਵਾਨਾਂ ਦੇ ਮ੍ਰਿਤਕ ਸਰੀਰਾਂ ਨੂੰ ਅੰਤਿਮ ਸੰਸਕਾਰ ਲਈ ਜੰਮੂ ਤੋਂ ਉਨ੍ਹਾਂ ਦੇ ਜੱਦੀ ਸਥਾਨਾਂ 'ਤੇ ਹਵਾਈ ਮਾਰਗ ਨਾਲ ਲਿਜਾਇਆ ਜਾਵੇਗਾ। ਦਰਮਸਾਲ ਦੇ ਬਾਜੀਮਲ ਇਲਾਕੇ 'ਚ ਬੁੱਧਵਾਰ ਅਤੇ ਵੀਰਵਾਰ ਨੂੰ ਸੁਰੱਖਿਆ ਫ਼ੋਰਸਾਂ ਨਾਲ 36 ਘੰਟੇ ਤੱਕ ਚਲੇ ਮੁਕਾਬਲੇ 'ਚ ਅਫ਼ਗਾਨਿਸਤਾਨ 'ਚ ਟਰੇਨਡ ਲਸ਼ਕਰ-ਏ-ਤੋਇਬਾ (ਐੱਲ.ਈ.ਟੀ.) ਦੇ ਇਕ ਸੀਨੀਅਰ ਕਮਾਂਡਰ ਸਮੇਤ 2 ਅੱਤਵਾਦੀ ਮਾਰੇ ਗਏ। ਇਸ ਦੌਰਾਨ 2 ਕੈਪਟਨ ਸਮੇਤ 5 ਫ਼ੌਜੀ ਵੀ ਸ਼ਹੀਦ ਹੋ ਗਏ। ਕੈਪਟਨ ਪ੍ਰਾਂਜਲ ਦੇ ਪਰਿਵਾਰ 'ਚ ਉਨ੍ਹਾਂ ਦੀ ਪਤਨੀ ਅਦਿਤੀ ਜੀ ਹਨ, ਜਦੋਂ ਕਿ ਕੈਪਟਨ ਗੁਪਤਾ ਦੇ ਪਰਿਵਾਰ 'ਚ ਉਨ੍ਹਾਂ ਦੇ ਪਿਤਾ ਬਸੰਤ ਕੁਮਾਰ ਗੁਪਤਾ ਹਨ। ਹੌਲਦਾਰ ਮਾਜਿਦ ਦੇ ਪਰਿਵਾਰ 'ਚ ਉਨ੍ਹਾਂ ਦੀ ਪਤਨੀ ਸਗੇਰਾ ਬੀ. ਅਤੇ ਤਿੰਨ ਬੱਚੇ, ਲਾਂਸ ਨਾਇਕ ਬਿਸ਼ਟ ਦੇ ਪਰਿਵਾਰ 'ਚ ਮਾਂ ਮੰਜੂ ਦੇਵੀ ਅਤੇ ਪੈਰਾਟਰੂਪਰ ਲੌਰ ਦੇ ਪਰਿਵਾਰ 'ਚ ਉਨ੍ਹਾਂ ਦੀ ਮਾਂ ਭਗਵਤੀ ਦੇਵੀ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News