ਕੰਧ ਟੱਪ ਕੇ ਆ ਗਏ ਬੰਦੇ, ਸੁੱਤੇ ਨਿਆਣੇ ਲੈ ਗਏ ਚੁੱਕ, ਪੰਜਾਬ ਪੁਲਸ ਵੱਲੋਂ ਜਾਂਚ ਸ਼ੁਰੂ

Friday, Sep 26, 2025 - 02:54 PM (IST)

ਕੰਧ ਟੱਪ ਕੇ ਆ ਗਏ ਬੰਦੇ, ਸੁੱਤੇ ਨਿਆਣੇ ਲੈ ਗਏ ਚੁੱਕ, ਪੰਜਾਬ ਪੁਲਸ ਵੱਲੋਂ ਜਾਂਚ ਸ਼ੁਰੂ

ਗੁਰਦਾਸਪੁਰ (ਗੁਰਪ੍ਰੀਤ)- ਗੁਰਦਾਸਪੁਰ ਦੇ ਪਿੰਡ ਸਾਧੂਚੱਕ 'ਚ ਇੱਕ ਘਰ ਤੋਂ ਦੋ ਬੱਚਿਆਂ ਨੂੰ ਜ਼ਬਰਦਸਤੀ ਚੁੱਕ ਕੇ ਲਿਜਾਣ ਦੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਦੋਂ ਇਸ ਬਾਰੇ ਸਬੰਧਤ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਤਾਂ ਪੀੜਤ ਦਿਲਪ੍ਰੀਤ ਕੌਰ ਪਤਨੀ ਮਨਦੀਪ ਸਿੰਘ ਅਤੇ ਦਿਲਪ੍ਰੀਤ ਦੀ ਮਾਤਾ ਨਿਰਮਲ ਕੌਰ (ਜੋ ਪੰਜਾਬ ਪੁਲਸ ਤੋਂ ਰਿਟਾਇਰ ਹੈ) ਨੇ ਦੱਸਿਆ ਕਿ ਦਿਲਪ੍ਰੀਤ ਦੀ ਆਪਣੇ ਪਤੀ ਮਨਦੀਪ ਸਿੰਘ ਔਲਖ ਨਾਲ ਪਿਛਲੇ ਦੋ ਸਾਲਾਂ ਤੋਂ ਅਣਬਨ ਚੱਲ ਰਹੀ ਹੈ, ਜਿਸ ਕਾਰਨ ਉਹ ਪੇਕੇ ਪਿੰਡ ਸਾਧੂਚੱਕ ਵਿੱਚ ਰਹਿ ਰਹੀ ਹੈ। ਦੋਵਾਂ ਵਿਚਾਲੇ ਤਲਾਕ ਦਾ ਕੇਸ ਵੀ ਅਦਾਲਤ ‘ਚ ਚੱਲ ਰਿਹਾ ਹੈ।

ਦਿਲਪ੍ਰੀਤ ਅਤੇ ਉਸ ਦੀ ਮਾਤਾ ਅਨੁਸਾਰ, ਸਵੇਰੇ ਲਗਭਗ ਸਾਢੇ ਛੇ ਵਜੇ ਮਨਦੀਪ ਸਿੰਘ 15 ਦੇ ਕਰੀਬ ਹਥਿਆਰਬੰਦ ਸਾਥੀਆਂ ਨਾਲ ਸਹੁਰੇ ਘਰ ਪਹੁੰਚਿਆ ਤੇ ਗੇਟ ਟੱਪ ਕੇ ਅੰਦਰ ਵੜ ਗਿਆ। ਇਸ ਦੌਰਾਨ ਉਸ ਨੇ ਘਰ ਵਿੱਚ ਗੁੰਡਾਗਰਦੀ ਕੀਤੀ ਅਤੇ ਦੋਵੇਂ ਬੱਚਿਆਂ, ਜਿਨ੍ਹਾਂ 'ਚ ਵੱਡਾ ਪੁੱਤਰ ਲਗਭਗ ਸੱਤ ਸਾਲ ਦਾ ਅਤੇ ਛੋਟਾ ਤਿੰਨ ਸਾਲ ਦਾ ਹੈ, ਨੂੰ ਜ਼ਬਰਦਸਤੀ ਚੁੱਕ ਕੇ ਲੈ ਗਿਆ।

ਇਸ ਘਟਨਾ ਦੀਆਂ ਸੀਸੀਟੀਵੀ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਬੱਚਿਆਂ ਦੇ ਰੋਣ ਦੀਆਂ ਆਵਾਜ਼ਾਂ ਵੀ ਸੁਣਾਈ ਦੇ ਰਹੀਆਂ ਹਨ। ਦਿਲਪ੍ਰੀਤ ਕੌਰ ਦਾ ਦੋਸ਼ ਹੈ ਕਿ ਮਨਦੀਪ ਸਿੰਘ ਅਤੇ ਉਸਦਾ ਪਰਿਵਾਰ ਉਸ ਨਾਲ ਅਕਸਰ ਕੁੱਟਮਾਰ ਕਰਦਾ ਸੀ, ਜਿਸ ਤੋਂ ਤੰਗ ਆ ਕੇ ਉਹ ਪੇਕੇ ਆ ਬੈਠੀ ਸੀ।

ਇਸ ਘਟਨਾ ਬਾਰੇ ਜਦੋਂ 112 ਨੰਬਰ ‘ਤੇ ਸ਼ਿਕਾਇਤ ਕੀਤੀ ਗਈ ਤਾਂ ਪੁਲਸ ਮੌਕੇ ‘ਤੇ ਪਹੁੰਚ ਗਈ। ਸਦਰ ਗੁਰਦਾਸਪੁਰ ਥਾਣੇ ਦੇ ਐਸਐਚਓ ਅਮਨਦੀਪ ਸਿੰਘ ਵੀ ਮੌਕੇ ‘ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਹਾਲਾਂਕਿ ਪੁਲਸ ਇਸ ਸਮੇਂ ਮੀਡੀਆ ਸਾਹਮਣੇ ਕੁਝ ਕਹਿਣ ਤੋਂ ਇਨਕਾਰ ਕਰ ਰਹੀ ਹੈ।

 

 


author

Shivani Bassan

Content Editor

Related News