ਬੱਚਿਆਂ ਦੀ ਮਾਮੂਲੀ ਲੜਾਈ ਨੇ ਲਿਆ ਖੂਨੀ ਰੂਪ, 15 ਲੋਕਾਂ ''ਤੇ ਸੰਗੀਨ ਧਾਰਾਵਾਂ ਤਹਿਤ ਪਰਚਾ ਦਰਜ

Monday, Sep 29, 2025 - 08:38 PM (IST)

ਬੱਚਿਆਂ ਦੀ ਮਾਮੂਲੀ ਲੜਾਈ ਨੇ ਲਿਆ ਖੂਨੀ ਰੂਪ, 15 ਲੋਕਾਂ ''ਤੇ ਸੰਗੀਨ ਧਾਰਾਵਾਂ ਤਹਿਤ ਪਰਚਾ ਦਰਜ

​ਪਾਤੜਾਂ (ਸੁਖਦੀਪ ਸਿੰਘ ਮਾਨ) - ਪਟਿਆਲਾ ਜ਼ਿਲ੍ਹੇ ਦੇ ਪਿੰਡ ਖੇੜੀ ਨਗਾਈਆ ਵਿੱਚ ਬੀਤੇ ਦਿਨ ਬੱਚਿਆਂ ਦੀ ਆਪਸੀ ਮਾਮੂਲੀ ਲੜਾਈ ਨੇ ਵੱਡਾ ਟਕਰਾਅ ਪੈਦਾ ਕਰ ਦਿੱਤਾ, ਜਿਸ ਕਾਰਨ ਇੱਕ ਪਰਿਵਾਰ ਦੇ ਕਈ ਮੈਂਬਰ ਜ਼ਖ਼ਮੀ ਹੋ ਗਏ। ਪੁਲਸ ਨੇ ਇਸ ਮਾਮਲੇ ਵਿੱਚ ਦੋ ਦਰਜ਼ਨ ਤੋਂ ਵੱਧ ਲੋਕਾਂ ਨੂੰ ਨਾਮਜ਼ਦ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

​ਮਿਲੀ ਜਾਣਕਾਰੀ ਮੁਤਾਬਕ, ਸ਼ੁੱਕਰਵਾਰ 26 ਸਤੰਬਰ ਦੀ ਸਵੇਰ ਬਿਕਰਮ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਦੂਜੇ ਧਿਰ ਦੇ ਗੋਪਾਲ ਸਿੰਘ ਦੇ ਸਾਥੀਆਂ ਦਰਮਿਆਨ ਬੱਚਿਆਂ ਦੀ ਲੜਾਈ ਨੂੰ ਲੈ ਕੇ ਤਿੱਖਾ ਝਗੜਾ ਹੋ ਗਿਆ। ਸ਼ਿਕਾਇਤਕਰਤਾ ਅਨੁਸਾਰ, ਇਸ ਦੌਰਾਨ ਗੋਪਾਲ ਸਿੰਘ ਸਮੇਤ ਕਈ ਵਿਅਕਤੀਆਂ ਨੇ ਉਨ੍ਹਾਂ ਦੇ ਪਰਿਵਾਰ 'ਤੇ ਡਾਂਗਾਂ-ਸੋਟਿਆਂ ਨਾਲ ਹਮਲਾ ਕਰ ਦਿੱਤਾ ਅਤੇ ​ਝਗੜੇ ਵਿੱਚ ਗੁਰਦੀਪ ਸਿੰਘ ਨੂੰ ਸਭ ਤੋਂ ਵੱਧ ਸੱਟਾਂ ਵੱਜੀਆਂ। ਡਾਕਟਰੀ ਰਿਪੋਰਟਾਂ ਵਿੱਚ ਉਨ੍ਹਾਂ ਦੇ ਸਿਰ (ਖੋਪੜੀ) ਅਤੇ ਸਰੀਰ ਦੇ ਹੋਰ ਹਿੱਸਿਆਂ 'ਤੇ ਗੰਭੀਰ ਸੱਟਾਂ ਲੱਗਣ ਦੀ ਪੁਸ਼ਟੀ ਹੋਈ ਹੈ। ਸੱਟਾਂ ਦੀ ਗੰਭੀਰਤਾ ਨੂੰ ਦੇਖਦਿਆਂ ਡਾਕਟਰਾਂ ਨੇ ਕੁਝ ਸੱਟਾਂ ਨੂੰ ਧਾਰਾ 326 (ਖ਼ਤਰਨਾਕ ਹਥਿਆਰਾਂ ਨਾਲ ਗੰਭੀਰ ਸੱਟ) ਦੇ ਘੇਰੇ ਵਿੱਚ ਰੱਖਿਆ ਹੈ।

​ਮੁਲਜ਼ਮਾਂ ਖ਼ਿਲਾਫ਼ ਧਾਰਾ 307 ਸਣੇ ਸੰਗੀਨ ਕੇਸ ਦਰਜ
​ਘੱਗਾ ਪੁਲਸ ਸਟੇਸ਼ਨ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ FIR ਦਰਜ ਕਰ ਲਈ ਹੈ। ਮੁੱਖ ਤੌਰ 'ਤੇ ਰਿੰਪੀ ਕੌਰ, ਗੋਪਾਲ ਸਿੰਘ ਸਮੇਤ 15 ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਮੁਲਜ਼ਮਾਂ ਖਿਲਾਫ਼ ਜਾਨੋਂ ਮਾਰਨ ਦੀ ਕੋਸ਼ਿਸ਼ (BNS 115/ਧਾਰਾ 307), ਗੰਭੀਰ ਸੱਟਾਂ ਮਾਰਨ, ਘਰ ਵਿੱਚ ਜ਼ਬਰੀ ਦਾਖਲ ਹੋਣ ਅਤੇ ਸਮੂਹਿਕ ਤੌਰ 'ਤੇ ਹਮਲਾ ਕਰਨ ਦੀਆਂ ਕਈ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਚਲਾਇਆ ਗਿਆ ਹੈ। ​ਮਾਮਲੇ ਦੀ ਅਗਲੀ ਜਾਂਚ ਏ.ਐੱਸ.ਆਈ. ਬਲਵਿੰਦਰ ਕੁਮਾਰ ਕਰ ਰਹੇ ਹਨ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀਆਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


author

Inder Prajapati

Content Editor

Related News