‘ਪਿਛਲੇ ਦੋ ਸਾਲਾਂ ’ਚ ਪਾਕਿ ਨੇ LoC ’ਤੇ ਕੀਤਾ 5601 ਵਾਰ ਜੰਗਬੰਦੀ ਦਾ ਉਲੰਘਣ’
Monday, Dec 20, 2021 - 04:49 PM (IST)
ਨਵੀਂ ਦਿੱਲੀ (ਭਾਸ਼ਾ)— ਕੇਂਦਰ ਸਰਕਾਰ ਨੇ ਸੋਮਵਾਰ ਨੂੰ ਸੰਸਦ ਨੂੰ ਦੱਸਿਆ ਕਿ ਬੀਤੇ ਦੋ ਸਾਲਾਂ ਵਿਚ ਕੰਟਰੋਲ ਰੇਖਾ ’ਤੇ ਜੰਗਬੰਦੀ ਉਲੰਘਣਾ ਦੀਆਂ ਕੁੱਲ 5601 ਘਟਨਾਵਾਂ ਹੋਈਆਂ ਅਤੇ ਇਸ ਦੌਰਾਨ ਜਵਾਬੀ ਕਾਰਵਾਈ ’ਚ ਪਾਕਿਸਤਾਨੀ ਚੌਕੀਆਂ ਅਤੇ ਫ਼ੌਜੀਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਗਿਆ।
ਰਾਜ ਸਭਾ ’ਚ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਰੱਖਿਆ ਰਾਜ ਮੰਤਰੀ ਅਜੇ ਭੱਟ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ 30 ਨਵੰਬਰ 2019 ਤੋਂ 29 ਨਵੰਬਰ 2021 ਤੱਕ ਜੰਮੂ-ਕਸ਼ਮੀਰ ਵਿਚ ਭਾਰਤੀ ਫ਼ੌਜ ਦੇ ਸੰਚਾਲਨ ਕੰਟਰੋਲ ’ਚ ਐੱਲ. ਓ. ਸੀ. ’ਤੇ ਜੰਗਬੰਦੀ ਉਲੰਘਣਾ ਦੀਆਂ ਕੁੱਲ 5601 ਘਟਨਾਵਾਂ ਹੋਈਆਂ।
ਜਵਾਬੀ ਕਾਰਵਾਈ ਬਾਰੇ ਪੁੱਛੇ ਜਾਣ ’ਤੇ ਕੇਂਦਰੀ ਮੰਤਰੀ ਨੇ ਕਿਹਾ ਕਿ ਮੋਹਰੀ ਚੌਕੀਆਂ ’ਤੇ ਤਾਇਨਾਤ ਫ਼ੌਜੀ ਟੁਕੜੀਆਂ ਨੂੰ ਪਾਕਿਸਤਾਨ ਵਲੋਂ ਜੰਗਬੰਦੀ ਉਲੰਘਣਾ ਦਾ ਜਵਾਬ ਦੇਣ ਦੀ ਖੁੱਲ੍ਹੀ ਛੋਟ ਹੈ। ਉਨ੍ਹਾਂ ਨੇ ਕਿਹਾ ਕਿ ਫ਼ੌਜ ਵਲੋਂ ਜਵਾਬੀ ਕਾਰਵਾਈ ਦੌਰਾਨ ਪਾਕਿਸਤਾਨੀ ਚੌਕੀਆਂ ਅਤੇ ਫ਼ੌਜੀਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਗਿਆ।