ਪ੍ਰਣਬ ਮੁਖਰਜੀ ਨੂੰ ਆਖ਼ਰੀ ਵਿਦਾਈ, PM ਮੋਦੀ ਸਮੇਤ ਤਮਾਮ ਨੇਤਾਵਾਂ ਨੇ ਦਿੱਤੀ ਸ਼ਰਧਾਂਜਲੀ

Tuesday, Sep 01, 2020 - 10:59 AM (IST)

ਪ੍ਰਣਬ ਮੁਖਰਜੀ ਨੂੰ ਆਖ਼ਰੀ ਵਿਦਾਈ, PM ਮੋਦੀ ਸਮੇਤ ਤਮਾਮ ਨੇਤਾਵਾਂ ਨੇ ਦਿੱਤੀ ਸ਼ਰਧਾਂਜਲੀ

ਨਵੀਂ ਦਿੱਲੀ— ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਅੱਜ ਯਾਨੀ ਕਿ ਮੰਗਲਵਾਰ ਨੂੰ ਆਖ਼ਰੀ ਵਿਦਾਈ ਦਿੱਤੀ ਜਾਵੇਗੀ। ਦੁਪਹਿਰ ਕਰੀਬ 2.30 ਵਜੇ ਦਿੱਲੀ ਦੇ ਲੋਧੀ ਸ਼ਮਸ਼ਾਨ ਘਾਟ 'ਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਆਰਮੀ ਹਸਪਤਾਲ ਤੋਂ ਪ੍ਰਣਬ ਮੁਖਰਜੀ ਦਾ ਮਰਹੂਮ ਸਰੀਰ ਉਨ੍ਹਾਂ ਦੇ ਸਰਕਾਰੀ ਆਵਾਸ 'ਤੇ ਲਿਆਂਦਾ ਗਿਆ ਹੈ। ਇੱਥੇ ਦੁਪਹਿਰ 12 ਵਜੇ ਤੱਕ ਅੰਤਿਮ ਦਰਸ਼ਨ ਲਈ ਉਨ੍ਹਾਂ ਦਾ ਮਰਹੂਮ ਸਰੀਰ ਰੱਖਿਆ ਗਿਆ ਹੈ। ਅੱਜ ਸਵੇਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। 

PunjabKesari
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਣਬ ਮੁਖਰਜੀ ਨੂੰ ਫੁੱਲ ਭੇਟ ਕੀਤੇ ਅਤੇ ਝੁਕ ਕੇ ਉਨ੍ਹਾਂ ਨੂੰ ਨਮਨ ਕੀਤਾ। ਇਸ ਤੋਂ ਇਲਾਵਾ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ, ਕਾਂਗਰਸੀ ਨੇਤਾ ਅਧੀਨ ਰੰਜਨ, ਭਾਜਪਾ ਪਾਰਟੀ ਦੇ ਪ੍ਰਧਾਨ ਜੇ. ਪੀ. ਨੱਢਾ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

PunjabKesari

ਓਧਰ ਸੰਘ ਮੁਖੀ ਨੇ ਪ੍ਰਣਬ ਮੁਖਰਜੀ ਨੂੰ ਯਾਦ ਕੀਤਾ। ਰਾਸ਼ਟਰੀ ਸਵੈ-ਸੇਵਕ ਸੰਘ (ਆਰ. ਐੱਸ. ਐੱਸ.) ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਪ੍ਰਣਬ ਮੁਖਰਜੀ ਦੇ ਜਾਣ ਤੋਂ ਇਕ ਖਾਲੀਪਣ ਆ ਗਿਆ ਹੈ। ਉਹ ਉਦਾਰ ਅਤੇ ਦਿਆਲੂ ਸਨ, ਜੋ ਗੱਲਬਾਤ ਦੌਰਾਨ ਇਹ ਨਹੀਂ ਜ਼ਾਹਰ ਹੋਣ ਦਿੰਦੇ ਸਨ ਕਿ ਕੋਈ ਭਾਰਤ ਦੇ ਰਾਸ਼ਟਰਪਤੀ ਨਾਲ ਗੱਲ ਕਰ ਰਿਹਾ ਹੈ। ਰਾਜਨੀਤਿਕ ਮਤਭੇਦਾਂ ਦੇ ਬਾਵਜੂਦ ਸਾਰਿਆਂ ਨੂੰ ਆਪਣਾ ਬਣਾ ਲੈਂਦੇ ਸਨ। ਉਹ ਹਮੇਸ਼ਾ ਯਾਦ ਕੀਤੇ ਜਾਣਗੇ। 

PunjabKesari

ਦੱਸਣਯੋਗ ਹੈ ਕਿ ਦੇਸ਼ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ 84 ਸਾਲ ਦੀ ਉਮਰ 'ਚ ਸੋਮਵਾਰ ਭਾਵ ਕੱਲ੍ਹ ਦਿਹਾਂਤ ਹੋ ਗਿਆ। ਦਿੱਲੀ ਦੇ ਆਰਮੀ ਹਸਪਤਾਲ 'ਚ ਉਨ੍ਹਾਂ ਨੇ ਆਖਰੀ ਸਾਹ ਲਿਆ। ਉਹ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਦਿਮਾਗ 'ਚ ਖੂਨ ਦਾ ਥੱਕਾ ਜੰਮਣ ਕਾਰਨ ਉਨ੍ਹਾਂ ਦੀ ਸਰਜਰੀ ਕੀਤੀ ਗਈ ਸੀ, ਜਿਸ ਤੋਂ ਬਾਅਦ ਉਹ ਕੋਮਾ ਵਿਚ ਸਨ। ਉਹ ਕੋਰੋਨਾ ਪਾਜ਼ੇਟਿਵ ਵੀ ਪਾਏ ਗਏ ਸਨ। ਬੀਤੀ 10 ਅਗਸਤ ਤੋਂ ਉਨ੍ਹਾਂ ਦਾ ਆਰਮੀ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਸੋਮਵਾਰ ਸ਼ਾਮ ਉਨ੍ਹਾਂ ਨੇ ਆਖਰੀ ਸਾਹ ਲਿਆ।


author

Tanu

Content Editor

Related News