ਜ਼ਮੀਨ ਵਿਵਾਦ ਨੂੰ ਲੈ ਕੇ ਰਿਸ਼ਤਿਆਂ ਦਾ ਘਾਣ; ਛੋਟੇ ਭਰਾ ਨੇ ਵੱਡੇ ਭਰਾ ਅਤੇ ਭਰਜਾਈ ਦਾ ਕੀਤਾ ਕਤਲ
Wednesday, Jun 29, 2022 - 03:54 PM (IST)
ਬਿਲਾਸਪੁਰ– ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲ੍ਹੇ ’ਚ ਜ਼ਮੀਨ ਵਿਵਾਦ ਨੂੰ ਲੈ ਕੇ ਵੱਡੇ ਭਰਾ ਅਤੇ ਭਰਜਾਈ ਦਾ ਕਤਲ ਅਤੇ ਦੋ ਭਤੀਜੀਆਂ ’ਤੇ ਹਮਲਾ ਕਰਨ ਦੇ ਦੋਸ਼ ’ਚ ਪੁਲਸ ਨੇ ਛੋਟੇ ਭਰਾ ਅਤੇ ਉਸ ਦੀ ਪਤਨੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਿਵਲ ਲਾਈਨਜ਼ ਥਾਣਾ ਖੇਤਰ ਅਧੀਨ ਜਰਹਾਭਾਠਾ ’ਚ ਜ਼ਮੀਨ ਨੂੰ ਲੈ ਕੇ ਹੋਏ ਵਿਵਾਦ ਮਗਰੋਂ ਵੱਡੇ ਭਰਾ ਦੀਪਕ ਅਤੇ ਭਰਜਾਈ ਪੁਸ਼ਪਾ ਦਾ ਕਤਲ ਕਰਨ ਜਦਕਿ ਦੋ ਭਤੀਜੀਆਂ ਰੌਸ਼ਨੀ ਅਤੇ ਹਰਸ਼ਿਤਾ ’ਤੇ ਹਮਲਾ ਕਰਨ ਦੇ ਦੋਸ਼ ’ਚ ਪੁਲਸ ਨੇ ਛੋਟੇ ਭਰਾ ਓਮਪ੍ਰਕਾਸ਼ ਅਤੇ ਉਸ ਦੀ ਪਤਨੀ ਸੰਗੀਤਾ ਨੂੰ ਗ੍ਰਿਫਤਾਰ ਕਰ ਲਿਆ ਹੈ।
ਭਰਾਵਾਂ ’ਚ ਸੀ ਜ਼ਮੀਨੀ ਵਿਵਾਦ
ਉੱਥੇ ਹੀ ਇਸ ਘਟਨਾ ਦੇ ਦੋਸ਼ ’ਚ ਓਮਪ੍ਰਕਾਸ਼ ਦੀਆਂ ਦੋ ਨਾਬਾਲਗ ਧੀਆਂ ਨੂੰ ਵੀ ਫੜ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ਹਿਰ ਦੇ ਕਰੀਬ ਪਾਂੜ ਪਿੰਡ ’ਚ ਪਰਿਵਾਰ ਦੀ 7 ਏਕੜ ਜ਼ਮੀਨ ਹੈ। ਇਸ ਜ਼ਮੀਨ ਨੂੰ ਲੈ ਕੇ ਦੋਹਾਂ ਭਰਾਵਾਂ ’ਚ ਵਿਵਾਦ ਸੀ। ਮੰਗਲਵਾਰ ਦੀ ਸਵੇਰ ਨੂੰ ਜਦੋਂ ਵੱਡਾ ਭਰਾ ਦੀਪਕ, ਪਤਨੀ ਪੁਸ਼ਪਾ ਨਾਲ ਖੇਤ ’ਚ ਕੰਮ ਕਰਨ ਗਿਆ ਤਾਂ ਛੋਟਾ ਭਰਾ ਓਮਪ੍ਰਕਾਸ਼ ਵੀ ਉੱਥੇ ਮੌਜੂਦ ਸੀ। ਇਸ ਦੌਰਾਨ ਦੋਹਾਂ ਭਰਾਵਾਂ ’ਚ ਜ਼ਮੀਨ ਨੂੰ ਲੈ ਕੇ ਵਿਵਾਦ ਹੋ ਗਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਦੋਹਾਂ ਭਰਾਵਾਂ ’ਚ ਵਿਵਾਦ ਇੰਨਾ ਵਧ ਗਿਆ ਅਤੇ ਬਾਅਦ ’ਚ ਦੋਵੇਂ ਆਪਣੇ ਘਰ ਪਰਤ ਆਏ।
ਕੁਹਾੜੀ ਅਤੇ ਲੋਹੇ ਦੀ ਰਾਡ ਨਾਲ ਕੀਤਾ ਹਮਲਾ
ਘਰ ਪਰਤਣ ਮਗਰੋਂ ਦੋਵੇਂ ਭਰਾ ਫਿਰ ਲੜਨ ਲੱਗੇ ਅਤੇ ਇਸ ਲੜਾਈ ’ਚ ਪੂਰਾ ਪਰਿਵਾਰ ਸ਼ਾਮਲ ਹੋ ਗਿਆ। ਵਿਵਾਦ ਵਿਚਾਲੇ ਹੀ ਓਮਪ੍ਰਕਾਸ਼, ਉਸ ਦੀ ਪਤਨੀ ਸੰਗੀਤਾ ਅਤੇ ਦੋ ਨਾਬਾਲਗ ਧੀਆਂ ਨੇ ਦੀਪਕ ਦੇ ਪਰਿਵਾਰ ’ਤੇ ਕੁਹਾੜੀ ਅਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਪੁਲਸ ਮੁਤਾਬਕ ਇਸ ਹਮਲੇ ’ਚ ਦੀਪਕ ਅਤੇ ਪੁਸ਼ਪਾ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਧੀਆਂ ਜ਼ਖਮੀ ਹੋ ਗਈਆਂ।
ਓਮਪ੍ਰਕਾਸ਼ ਅਤੇ ਸੰਗੀਤਾ ਵੀ ਹੋਏ ਜ਼ਖਮੀ
ਪੁੱਛ-ਗਿੱਛ ਦੌਰਾਨ ਓਮਪ੍ਰਕਾਸ਼ ਨੇ ਜਾਣਕਾਰੀ ਦਿੱਤੀ ਕਿ ਖੇਤ ਤੋਂ ਦੁਪਹਿਰ ਨੂੰ ਜਦੋਂ ਉਹ ਘਰ ਪਹੁੰਚਿਆ ਤਾਂ ਉਸ ਨੇ ਵੇਖਿਆ ਕਿ ਦੀਪਕ ਉਸ ਦੇ ਆਟੋ ਰਿਕਸ਼ਾ ’ਚ ਭੰਨ-ਤੋੜ ਕਰ ਰਿਹਾ ਸੀ। ਇਸ ਗੱਲ ਤੋਂ ਨਾਰਾਜ਼ ਹੋ ਕੇ ਓਮਪ੍ਰਕਾਸ਼ ਅਤੇ ਉਸ ਦੇ ਪਰਿਵਾਰ ਨੇ ਦੀਪਕ ਦੇ ਪਰਿਵਾਰ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ’ਚ ਓਮਪ੍ਰਕਾਸ਼ ਅਤੇ ਉਸ ਦੀ ਪਤਨੀ ਸੰਗੀਤਾ ਜ਼ਖਮੀ ਹੋਏ ਹਨ। ਦੋਹਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਓਧਰ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।