ਹੈਲੀਕਾਪਟਰ ਹਾਦਸੇ ’ਚ ਸ਼ਹੀਦ ਲਾਂਸ ਨਾਇਕ ਤੇਜਾ ਨੂੰ ਆਖ਼ਰੀ ਸਲਾਮ, ਹਰ ਅੱਖ ਹੋਈ ਨਮ
Sunday, Dec 12, 2021 - 06:30 PM (IST)
ਚਿਤੂਰ (ਭਾਸ਼ਾ)— ਤਾਮਿਲਨਾਡੂ ’ਚ ਕੰਨੂਰ ਦੇ ਨੇੜੇ ਹਾਦਸਾਗ੍ਰਸਤ ਹੋਏ ਹੈਲੀਕਾਪਟਰ ’ਚ ਚੀਫ ਆਫ ਡਿਫੈਂਸ ਸਟਾਫ (ਸੀ. ਡੀ. ਐੱਸ.) ਜਨਰਲ ਬਿਪਿਨ ਰਾਵਤ ਅਤੇ 11 ਹੋਰਨਾਂ ਨਾਲ ਆਪਣੀ ਜਾਨ ਗੁਆਉਣ ਵਾਲੇ ਲਾਂਸ ਨਾਇਕ ਬੀ. ਸਾਈ ਤੇਜਾ ਨੂੰ ਐਤਵਾਰ ਯਾਨੀ ਕਿ ਅੱਜ ਫ਼ੌਜੀ ਸਨਮਾਨ ਨਾਲ ਦਫਨਾਇਆ ਗਿਆ। ਲਾਂਸ ਨਾਇਕ ਤੇਜਾ ਨੂੰ ਆਂਧਰਾ ਪ੍ਰਦੇਸ਼ ਦੇ ਚਿਤੂਰ ਜ਼ਿਲ੍ਹੇ ਦੇ ਉਨ੍ਹਾਂ ਦੇ ਜੱਦੀ ਪਿੰਡ ਯੇਗੁਵਰੇਗਾਡੀ ’ਚ ਦਫਨਾਇਆ ਗਿਆ। ਤੇਜਾ ਦੇ ਛੋਟੇ ਭਰਾ ਚੈਤਨਯ ਜੋ ਖ਼ੁਦ ਵੀ ਫ਼ੌਜ ਦੇ ਜਵਾਨ ਹਨ, ਨੇ ਅੰਤਿਮ ਸੰਸਕਾਰ ਦੀਆਂ ਰਸਮਾਂ ਨੂੰ ਨਿਭਾਇਆ। ਇਸ ਮੌਕੇ ਸੈਂਕੜੇ ਲੋਕ ਜੈ ਜਵਾਨ ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾ ਰਹੇ ਸਨ।
ਫ਼ੌਜ ਦੇ ਜਵਾਨਾਂ ਨੇ ਤੇਜਾ ਦੀ ਪਤਨੀ ਨੂੰ ਤੇਜਾ ਦੇ ਸਰੀਰ ’ਤੇ ਲਿਪਟਿਆ ਤਿਰੰਗਾ ਭੇਟ ਕੀਤਾ।
ਤੇਜਾ ਦਾ ਮਰਹੂਮ ਸਰੀਰ ਨੂੰ ਉਨ੍ਹਾਂ ਦੇ ਖੇਤਾਂ ’ਚ ਪੂਰੇ ਫ਼ੌਜੀ ਸਨਮਾਨ ਅਤੇ ਬੰਦੂਕ ਦੀ ਸਲਾਮੀ ਦੇ ਕੇ ਦਫਨਾਇਆ ਗਿਆ। ਲਾਂਸ ਨਾਇਕ ਤੇਜਾ ਦਾ ਮਰਹੂਮ ਸਰੀਰ ਬੈਂਗਲੁਰੂ ਦੇ ਫ਼ੌਜੀ ਹਸਪਤਾਲ ਤੋਂ ਫੁੱਲਾਂ ਨਾਲ ਸਜਾਏ ਗਏ ਫ਼ੌਜ ਦੇ ਵਾਹਨ ਤੋਂ ਐਤਵਾਰ ਸਵੇਰੇ ਲਿਆਂਦਾ ਗਿਆ। ਇਸ ਮੌਕੇ ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਦੀ ਸਰਹੱਦ ਤੋਂ ਜੱਦੀ ਪਿੰਡ ਯੇਗੁਵਰੇਗਾਡੀ ਦੇ 30 ਕਿਲੋਮੀਟਰ ਦੇ ਰਸਤੇ ’ਤੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਤਿਰੰਗੇ ਨਾਲ ਸ਼ਹੀਦ ਜਵਾਨ ਦੇ ਮਰਹੂਮ ਸਰੀਰ ਨੂੰ ਲੈ ਜਾ ਰਹੇ ਕਾਫਲੇ ਨਾਲ ਚਲੇ।
ਲਾਂਸ ਨਾਇਕ ਦੇ ਮਰਹੂਮ ਸਰੀਰ ਦੇ ਜੱਦੀ ਪਿੰਡ ਪਹੁੰਚਣ ਪਹੁੰਚਣ ’ਤੇ ਹਰ ਕਿਸੇ ਦੀਆਂ ਅੱਖਾਂ ’ਚ ਹੰਝੂ ਸਨ। ਫ਼ੌਜ ਦੇ ਅਧਿਕਾਰੀਆਂ ਤੋਂ ਇਲਾਵਾ ਆਂਧਰਾ ਪ੍ਰਦੇਸ਼ ਸਰਕਾਰ ਦੇ ਅਧਿਕਾਰੀਆਂ ਨੇ ਵੀ ਸ਼ਹੀਦ ਜਵਾਨ ਨੂੰ ਸ਼ਰਧਾਂਜਲੀ ਭੇਟ ਕੀਤੀ। ਲਾਂਸ ਨਾਇਕ ਤੇਜਾ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸੈਂਕੜੇ ਦੀ ਗਿਣਤੀ ਵਿਚ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਵੀ ਇਕੱਠੇ ਹੋਏ ਸਨ।