ਟੁੱਟਿਆ 20 ਸਾਲ ਦਾ ਰਿਕਾਰਡ, PM ਮੋਦੀ ਦੇ ਦੌਰੇ ਮਗਰੋਂ ਗੂਗਲ ''ਤੇ ਖੂਬ ਸਰਚ ਹੋ ਰਿਹੈ ''ਲਕਸ਼ਦੀਪ''
Tuesday, Jan 09, 2024 - 02:55 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਮਗਰੋਂ ਲਕਸ਼ਦੀਪ ਸੁਰਖੀਆਂ 'ਚ ਆ ਗਿਆ ਹੈ। ਪੂਰੀ ਦੁਨੀਆ 'ਚ ਇੰਟਰਨੈੱਟ 'ਤੇ ਵੱਡੇ ਪੱਧਰ 'ਤੇ ਲਕਸ਼ਦੀਪ ਨੂੰ ਸਰਚ ਕੀਤਾ ਜਾ ਰਿਹਾ ਹੈ। 20 ਸਾਲ 'ਚ ਪਹਿਲੀ ਵਾਰ ਅਜਿਹਾ ਹੋ ਰਿਹਾ ਹੈ, ਜਦੋਂ ਗੂਗਲ 'ਤੇ ਲਕਸ਼ਦੀਪ ਨੂੰ ਸਰਚ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ ਹਾਲ ਹੀ ਵਿਚ ਲਕਸ਼ਦੀਪ ਦਾ ਦੌਰਾ ਕੀਤਾ ਸੀ ਅਤੇ ਸ਼ਾਨਦਾਰ ਤਸਵੀਰਾਂ ਅਤੇ ਵੀਡੀਓਜ਼ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸਾਂਝੀਆਂ ਕੀਤੀਆਂ ਸਨ। ਪ੍ਰਧਾਨ ਮੰਤਰੀ ਨੇ ਤਸਵੀਰਾਂ ਸਾਂਝੀਆਂ ਕਰਦਿਆਂ ਲੋਕਾਂ ਨੂੰ ਲਕਸ਼ਦੀਪ ਆਉਣ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ- ਜਾਣੋ ਕਿਉਂ ਤੇ ਕਿਵੇਂ ਸ਼ੁਰੂ ਹੋਇਆ ਮਾਲਦੀਵ ਵਿਵਾਦ, PM ਮੋਦੀ ਖ਼ਿਲਾਫ਼ ਮੰਤਰੀਆਂ ਨੂੰ ਟਿੱਪਣੀ ਕਰਨੀ ਪਈ ਭਾਰੀ
ਪ੍ਰਧਾਨ ਮੰਤਰੀ ਮੋਦੀ ਦੇ ਲਕਸ਼ਦੀਪ ਦੌਰੇ ਨੂੰ ਲੈ ਕੇ ਇੰਨਾ ਗੂਗਲ ਸਰਚ ਨਾ ਹੁੰਦਾ ਪਰ ਇਸ ਮਾਮਲੇ ਵਿਚ ਮਾਲਦੀਵ ਦੇ ਮੰਤਰੀਆਂ ਨੇ ਪੀ.ਐੱਮ. ਮੋਦੀ ਅਤੇ ਲਕਸ਼ਦੀਪ 'ਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ। ਮਾਲਦੀਵ ਦੇ ਮੰਤਰੀਆਂ ਵਲੋਂ ਪੀ.ਐੱਮ. ਮੋਦੀ ਦਾ ਮਜ਼ਾਕ ਉਡਾਇਆ ਗਿਆ ਅਤੇ ਭਾਰਤੀਆਂ ਨੂੰ ਗੰਦਾ ਦੱਸਦੇ ਹੋਏ ਨਸਲੀ ਟਿੱਪਣੀਆਂ ਕੀਤੀਆਂ ਗਈਆਂ। ਜਿਸ ਤੋਂ ਬਾਅਦ ਭਾਰਤ ਦੇ ਦਿੱਗਜ ਨੇਤਾਵਾਂ ਸਮੇਤ ਸਿਤਾਰਿਆਂ ਤੱਕ ਨੇ ਇਸ ਦੀ ਆਲੋਚਨਾ ਕੀਤੀ। ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਮਾਲਦੀਵ ਬਾਇਕਾਟ ਵੀ ਟਰੈਂਡ ਹੋਣ ਲੱਗਾ। ਮਾਲਦੀਵ ਦੇ ਮੰਤਰੀਆਂ ਦੀ ਪ੍ਰਧਾਨ ਮੰਤਰੀ ਮੋਦੀ ਖਿਲਾਫ ਟਿੱਪਣੀ ਤੋਂ ਬਾਅਦ ਵੱਡੀ ਗਿਣਤੀ ਭਾਰਤੀਆਂ ਨੇ ਮਾਲਦੀਵ ਦਾ ਦੌਰਾ ਰੱਦ ਕਰ ਦਿੱਤਾ ਹੈ। ਹਾਲਾਂਕਿ ਟਿੱਪਣੀ ਕਰਨ ਵਾਲੇ ਤਿੰਨ ਮੰਤਰੀਆਂ ਮਰਿਅਮ ਸ਼ਿਓਨਾ, ਮਾਲਸ਼ਾ ਸ਼ਰੀਫ਼ ਅਤੇ ਅਬਦੁੱਲਾ ਮਹਜੂਮ ਮਾਜਿਦ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਲਕਸ਼ਦੀਪ ਕੁੱਲ 32 ਵਰਗ ਕਿਲੋਮੀਟਰ 'ਚ ਫੈਲਿਆ ਹੋਇਆ ਹੈ ਅਤੇ 36 ਛੋਟੇ ਟਾਪੂਆਂ ਦਾ ਇਕ ਸਮੂਹ ਹੈ। ਸ਼ਾਂਤ ਬੀਚ, ਨੀਲਾ ਪਾਣੀ, ਚਿੱਟੀ ਰੇਤ, ਕੁਦਰਤ ਦੇ ਮਨਮੋਹ ਲੈਣ ਵਾਲੇ ਦ੍ਰਿਸ਼ 'ਲਕਸ਼ਦੀਪ' ਦੀ ਖੂਬਸੂਰਤ ਨੂੰ ਹੋਰ ਵੀ ਚਾਰ-ਚੰਨ ਲਾਉਂਦੇ ਹਨ। ਇਹ ਖੂਬਸੂਰਤੀ ਲਕਸ਼ਦੀਪ ਨੂੰ ਭਾਰਤ ਦੇ ਸਭ ਤੋਂ ਸੁੰਦਰ ਸਥਾਨਾਂ 'ਚੋਂ ਇਕ ਬਣਾਉਂਦੀ ਹੈ। ਇਸ ਦੇ ਬਾਵਜੂਦ ਲਕਸ਼ਦੀਪ ਵਿਚ ਮੁਕਾਬਲਤਨ ਘੱਟ ਸੈਲਾਨੀ ਆਉਂਦੇ ਹਨ। ਇਸ ਦੇ ਪਿੱਛੇ ਦੀ ਵਜ੍ਹਾ ਯਾਤਰਾ ਪਾਬੰਦੀਆਂ, ਲੰਮੀ ਕਾਗਜ਼ੀ ਕਾਰਵਾਈ ਅਤੇ ਜਾਣਕਾਰੀ ਦੀ ਘਾਟ ਕਾਰਨ ਹੈ।
ਇਹ ਵੀ ਪੜ੍ਹੋ : ਲਕਸ਼ਦੀਪ 'ਚ ਦਿੱਸਿਆ PM ਮੋਦੀ ਦਾ ਵੱਖਰਾ ਅੰਦਾਜ਼, ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ