ਕੁਮਾਰ ਵਿਸ਼ਵਾਸ ਨੇ ਅਪਣਾਏ ਬਗਾਵਤੀ ਤੇਵਰ
Wednesday, Jan 03, 2018 - 04:30 PM (IST)

ਨਵੀਂ ਦਿੱਲੀ— ਆਮ ਆਦਮੀ ਪਾਰਟੀ (ਆਪ) ਦੇ ਮੁੱਖ ਨੇਤਾ ਕੁਮਾਰ ਵਿਸ਼ਵਾਸ ਨੇ ਪਾਰਟੀ ਵੱਲੋਂ ਰਾਜ ਸਭਾ ਦਾ ਉਮੀਦਵਾਰ ਨਹੀਂ ਬਣਾਏ ਜਾਣ 'ਤੇ ਬਗਾਵਤੀ ਤੇਵਰ ਅਪਣਾਉਂਦੇ ਹੋਏ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਿਆ। ਕੁਮਾਰ ਵਿਸ਼ਵਾਸ ਨੇ ਕਿਹਾ ਕਿ ਕੇਜਰੀਵਾਲ ਤੋਂ ਅਸਹਿਮਤ ਹੋ ਕੇ ਪਾਰਟੀ 'ਚ ਕੋਈ ਨਹੀਂ ਰਹਿ ਸਕਦਾ।
ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਕੁਮਾਰ ਵਿਸ਼ਵਾਸ ਨੇ ਪੱਤਰਕਾਰਾਂ ਨੂੰ ਕਿਹਾ,''ਅਰਵਿੰਦ ਦੀ ਇੱਛਾ ਦੇ ਖਿਲਾਫ ਪਾਰਟੀ 'ਚ ਸਾਹ ਲੈਣਾ ਵੀ ਮੁਸ਼ਕਲ ਹੈ। ਮੈਂ ਸਿਰਫ ਇਹ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਆਪਣੇ ਵਿਧਾਇਕਾਂ, ਮੰਤਰੀਆਂ ਅਤੇ ਵਰਕਰਾਂ ਨੂੰ ਕਹਿ ਦਿਓ ਕਿ ਸ਼ਹੀਦ ਤਾਂ ਕਰ ਦਿੱਤਾ, ਲਾਸ਼ ਨਾਲ ਛੇੜਛਾੜ ਨਾ ਕਰਨਾ।''
ਸੁਸ਼ੀਲ ਗੁਪਤਾ ਨੂੰ ਪਾਰਟੀ ਉਮੀਦਵਾਰ ਬਣਾਉਣ 'ਤੇ ਤੰਜ਼ ਕੱਸਦੇ ਹੋਏ ਕੁਮਾਰ ਵਿਸ਼ਵਾਸ ਨੇ ਕਿਹਾ,''ਮਹਾਨਤਮ ਵਿਅਕਤੀ ਦੀ ਸ਼ਾਨਦਾਰ ਚੋਣ ਕੀਤੀ ਗਈ ਹੈ। ਗੁਪਤਾ ਮਹਾਨ ਕ੍ਰਾਂਤੀਕਾਰੀ ਹਨ।'' ਉਨ੍ਹਾਂ ਨੇ ਤੰਜ਼ ਭਰੇ ਲਹਿਜੇ 'ਚ ਪਾਰਟੀ ਵੱਲੋਂ ਰਾਜ ਸਭਾ ਲਈ ਚੁਣੇ ਗਏ ਉਮੀਦਵਾਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ,''ਆਪਣੀ ਲੜਾਈ ਸਾਰਿਆਂ ਨੇ ਲੜਨੀ ਹੈ ਭਾਵੇਂ ਰਾਜਾ ਰਾਮ ਹੋਵੇ ਜਾਂ ਗੌਤਮ ਬੁੱਧ। ਸਾਨੂੰ ਸਾਰਿਆਂ ਨੂੰ ਆਪਣੇ-ਆਪਣੇ ਸੰਘਰਸ਼ ਲੜਨ ਹਨ। ਆਸ ਕਰਦਾ ਹਾਂ ਕਿ ਪਾਰਟੀ ਅਤੇ ਅੰਦੋਲਨ ਦੇ ਆਦਰਸ਼ਾਂ ਨੂੰ ਅੱਗੇ ਲਿਜਾਇਆ ਜਾਵੇਗਾ।''