ਇਨਸਾਨੀਅਤ ਸ਼ਰਮਸਾਰ : ਐਂਬੂਲੈਂਸ ਚਾਲਕ ਨੇ ਹਸਪਤਾਲ ਪਹੁੰਚਾਉਣ ਲਈ ਕੋਵਿਡ-19 ਮਰੀਜ਼ਾਂ ਤੋਂ ਮੰਗੇ 9200 ਰੁਪਏ

07/26/2020 10:51:34 AM

ਕੋਲਕਾਤਾ- ਕੋਲਕਾਤਾ ਇਕ ਐਂਬੂਲੈਂਸ ਚਾਲਕ ਨੇ ਕੋਵਿਡ-19 ਨਾਲ ਪੀੜਤ 2 ਬੱਚਿਆਂ ਅਤੇ ਉਨ੍ਹਾਂ ਦੀ ਮਾਂ ਨੂੰ ਵਾਹਨ ਤੋਂ ਉਤਰਨ ਲਈ ਮਜ਼ਬੂਰ ਕਰ ਦਿੱਤਾ, ਕਿਉਂਕਿ ਉਹ ਸ਼ਹਿਰ ਦੇ 2 ਹਸਪਤਾਲਾਂ ਦਰਮਿਆਨ ਦੀ 6 ਕਿਲੋਮੀਟਰ ਦੀ ਦੂਰੀ ਲਈ ਮੰਗੇ ਜਾ ਰਹੇ ਹੱਦ ਵੱਧ ਪੈਸੇ ਨਹੀਂ ਦੇ ਸਕਦੇ ਸਨ। ਹਾਲਾਂਕਿ ਬੱਚਿਆਂ ਦੇ ਪਿਤਾ ਨੇ ਦੱਸਿਆ ਕਿ ਡਾਕਟਰਾਂ ਦੀ ਦਖਲਅੰਦਾਜ਼ੀ ਤੋਂ ਬਾਅਦ, ਚਾਲਕ 2000 ਰੁਪਏ 'ਤੇ ਮੰਨਿਆ। 2 ਭਰਾ- ਜਿਨ੍ਹਾਂ 'ਚੋਂ ਇਕ 9 ਮਹੀਨੇ ਦਾ ਅਤੇ ਦੂਜਾ ਸਾਢੇ ਸਾਲ ਦਾ ਹੈ- ਦੋਹਾਂ ਦਾ ਇੰਸਟੀਚਿਊਟ ਆਫ਼ ਚਾਈਲਡ ਹੈਲਥ (ਆਈ.ਸੀ.ਐੱਚ.) 'ਚ ਇਲਾਜ ਚੱਲ ਰਿਹਾ ਸੀ ਅਤੇ ਸ਼ੁੱਕਰਵਾਰ ਨੂੰ ਦੋਹਾਂ 'ਚ ਕੋਵਿਡ-19 ਦੀ ਪੁਸ਼ਟੀ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਸਰਕਾਰੀ ਹਸਪਤਾਲ 'ਚ ਲਿਜਾਉਣ ਲਈ ਐਂਬੂਲੈਂਸ ਬੁਲਾਉਣ ਦੀ ਕੋਸ਼ਿਸ਼ ਕੀਤੀ।

ਬੱਚਿਆਂ ਦੇ ਪਿਤਾ ਨੇ ਦੋਸ਼ ਲਗਾਇਆ ਕਿ ਚਾਲਕ ਨੇ ਉਨ੍ਹਾਂ ਨੂੰ ਪਾਰਕ ਸਰਕਸ ਸਥਿਤ ਆਈ.ਸੀ.ਐੱਚ. ਤੋਂ ਕਾਲਜ ਸਟ੍ਰੀਟ ਇਲਾਕੇ 'ਚ ਸਥਿਤ ਕੋਲਕਾਤਾ ਮੈਡੀਕਲ ਕਾਲਜ ਐਂਡ ਹਸਪਤਾਲ ਲਿਜਾਉਣ ਲਈ 9200 ਰੁਪਏ ਮੰਗੇ। ਹੁਗਲੀ ਜ਼ਿਲ੍ਹੇ ਦੇ ਰਹਿਣ ਵਾਲੇ ਇਸ ਸ਼ਖਸ ਨੇ ਕਿਹਾ,''ਐਂਬੂਲੈਂਸ ਚਾਲਕ ਨੇ ਮੇਰੇ ਬੇਟਿਆਂ ਨੂੰ ਕੇ.ਐੱਮ.ਸੀ.ਐੱਚ. ਲਿਜਾਉਣ ਲਈ 9200 ਰੁਪਏ ਮੰਗੇ ਜੋ ਇਸ ਹਸਪਤਾਲ ਤੋਂ ਸਿਰਫ਼ 6 ਕਿਲੋਮੀਟਰ ਦੂਰ ਹੈ। ਮੈਂ ਉਸ ਨੂੰ ਦੱਸਿਆ ਕਿ ਮੈਂ ਇੰਨਾ ਪੈਸਾ ਨਹੀਂ ਦੇ ਸਕਾਂਗਾ ਅਤੇ ਉਸ ਤੋਂ ਗੁਹਾਰ ਲਗਾਉਂਦਾ ਰਿਹਾ ਪਰ ਉਸ ਨੇ ਇਕ ਨਾ ਸੁਣੀ।'' ਉਸ ਨੇ ਦੱਸਿਆ,''ਉਲਟੇ, ਚਾਲਕ ਨੇ ਮੇਰੇ ਛੋਟੇ ਬੇਟੇ ਤੋਂ ਆਕਸੀਜਨ ਸਪੋਰਟ ਹਟਾ ਲਿਆ ਅਤੇ ਬੱਚਿਆਂ ਤੇ ਉਸ ਦੀ ਮਾਂ ਨੂੰ ਉਤਰਨ ਲਈ ਮਜ਼ਬੂਰ ਕੀਤਾ।'' ਸ਼ਖਸ ਨੇ ਕਿਹਾ,''ਮੈਂ ਆਈ.ਸੀ.ਐੱਚ. ਦੇ ਡਾਕਟਰਾਂ ਦਾ ਧੰਨਵਾਦੀ ਹਾਂ। ਉਨ੍ਹਾਂ ਕਾਰਨ ਮੇਰੇ ਬੱਚੇ ਬਿਹਤਰ ਇਲਾਜ ਲਈ ਕੇ.ਐੱਮ.ਸੀ.ਐੱਚ. ਪਹੁੰਚ ਸਕੇ।''


DIsha

Content Editor

Related News