ਐਕਟਿਵਾ ਦੀ ਟੱਕਰ ਨਾਲ ਪੈਦਲ ਜਾਂਦੇ ਵਿਅਕਤੀ ਦੀ ਲੱਤ ਟੁੱਟੀ, ਚਾਲਕ ਫ਼ਰਾਰ
Monday, Jan 05, 2026 - 12:21 PM (IST)
ਡੇਰਾਬੱਸੀ (ਵਿਕਰਮਜੀਤ) : ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਸਥਿਤ ਪਾਰਸ ਹੋਟਲ ਦੇ ਸਾਹਮਣੇ ਸੜਕ ਹਾਦਸੇ ’ਚ ਪੈਦਲ ਜਾ ਰਿਹਾ ਵਿਅਕਤੀ ਐਕਟਿਵਾ ਦੀ ਟੱਕਰ ਨਾਲ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਇਕ ਤੇਜ਼ ਰਫ਼ਤਾਰ ਐਕਟਿਵਾ ਚਾਲਕ ਨੇ ਸੜਕ ਕਿਨਾਰੇ ਜਾ ਰਹੇ ਵਿਅਕਤੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਪੁਲਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਤਫ਼ਤੀਸ਼ ਕਰ ਰਹੇ ਹੌਲਦਾਰ ਰਣਜੀਤ ਸਿੰਘ ਅਨੁਸਾਰ ਪੁਲਸ ਨੂੰ ਦਿੱਤੇ ਬਿਆਨ ’ਚ ਮੁਕੇਸ਼ ਪੁੱਤਰ ਕਬੂਲ ਵਾਸੀ ਪਿੰਡ ਜੜੋਦਾ ਜ਼ਿਲ੍ਹਾ ਮੁਜ਼ੱਫਰਨਗਰ ਯੂ. ਪੀ. ਹਾਲ ਵਾਸੀ ਡੇਰਾਬੱਸੀ ਨੇ ਦੱਸਿਆ ਕਿ ਉਹ ਰਾਜ ਮਿਸਤਰੀ ਦਾ ਕੰਮ ਕਰਦਾ ਹੈ।
ਬੀਤੇ ਦਿਨ ਉਹ ਆਪਣਾ ਕੰਮ ਸਕਤੀ ਨਗਰ ਤੋਂ ਖ਼ਤਮ ਕਰਕੇ ਘਰ ਜਾਣ ਲਈ ਸਲਿੱਪ ਰੋਡ ਨੇੜੇ ਪਾਰਸ ਹੋਟਲ ਡੇਰਾਬੱਸੀ ਖੜ੍ਹਾ ਸੀ ਤਾਂ ਡੇਰਾਬੱਸੀ ਵਾਲੇ ਪਾਸੇ ਤੋਂ ਆ ਰਹੇ ਇਕ ਐਕਟਿਵਾ ਚਾਲਕ ਨੇ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਉਸਨੂੰ ਸਿੱਧੀ ਉਸ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਐਕਟਿਵਾ ਦਾ ਅਗਲਾ ਟਾਇਰ ਉਸ ਦੀ ਸੱਜੀ ਲੱਤ ’ਚ ਬੜੀ ਜ਼ੋਰ ਦੀ ਲੱਗਿਆ ਅਤੇ ਲੱਤ ਤੋਂ ਮਾਸ ਉੱਤਰ ਗਿਆ ਹੱਡੀ ਬਾਹਰ ਆ ਗਈ ਅਤੇ ਉਹ ਬੁਰੀ ਤਰਾਂ ਜ਼ਖਮੀ ਹੋਇਆ ਡਿੱਗ ਗਿਆ। ਐਕਟਿਵਾ ਵਾਲੇ ਵਿਅਕਤੀ ਨੇ ਐਕਟਿਵਾ ਖੜ੍ਹੀ ਕਰਕੇ ਉਸ ਨੂੰ ਚੁੱਕਿਆ। ਐਕਟਿਵਾ ਚਾਲਕ ਨੇ ਲੋਕਾਂ ਦੀ ਮਦਦ ਨਾਲ ਉਸ ਨੂੰ ਸਿਵਲ ਹਸਪਤਾਲ ਡੇਰਾਬੱਸੀ ਦਾਖ਼ਲ ਕਰਵਾਇਆ ਤੇ ਫ਼ਰਾਰ ਹੋ ਗਿਆ। ਲੱਤ ਟੁੱਟਣ ਕਰਕੇ ਉਸ ਨੂੰ ਜੀ. ਐੱਮ. ਸੀ. ਐੱਚ. ਸੈਕਟਰ 32 ਰੈਫ਼ਰ ਕਰ ਦਿੱਤਾ। ਪੁਲਸ ਨੇ ਜ਼ਖ਼ਮੀ ਵਿਅਕਤੀ ਦੇ ਬਿਆਨਾਂ ’ਤੇ ਅਣਪਛਾਤੇ ਐਕਟਿਵਾ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।
