ਭਾਰਤ ਦੇ ਚੀਫ ਜਸਟਿਨ ਦੀ ਕਿੰਨੀ ਹੁੰਦੀ ਹੈ ਤਨਖਾਹ? ਜਾਣੋਂ ਕਿਵੇਂ ਹੁੰਦੀ ਹੈ ਚੋਟੀ ਦੇ ਜੱਜ ਦੀ ਨਿਯੁਕਤੀ
Friday, Oct 25, 2024 - 10:41 PM (IST)
ਨੈਸ਼ਨਲ ਡੈਸਕ : ਸੁਪਰੀਮ ਕੋਰਟ ਦੇ ਜਸਟਿਸ ਸੰਜੀਵ ਖੰਨਾ ਨੂੰ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ ਹੈ। ਉਹ 11 ਨਵੰਬਰ ਨੂੰ ਸਹੁੰ ਚੁੱਕਣਗੇ। ਇਸ ਤੋਂ ਇੱਕ ਦਿਨ ਪਹਿਲਾਂ ਮੌਜੂਦਾ ਚੀਫ਼ ਜਸਟਿਸ ਡੀਵਾਈ ਚੰਦਰਚੂੜ ਸੇਵਾਮੁਕਤ ਹੋ ਰਹੇ ਹਨ। ਜਸਟਿਸ ਖੰਨਾ ਕਰੀਬ ਛੇ ਮਹੀਨੇ ਹੀ ਚੀਫ਼ ਜਸਟਿਸ ਬਣੇ ਰਹਿਣਗੇ। ਉਨ੍ਹਾਂ ਦੀ ਸੇਵਾਮੁਕਤੀ 13 ਮਈ 2025 ਨੂੰ ਹੈ। ਜਸਟਿਸ ਖੰਨਾ ਨੂੰ 18 ਜਨਵਰੀ 2019 ਨੂੰ ਸੁਪਰੀਮ ਕੋਰਟ 'ਚ ਜੱਜ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਹ ਕਰੀਬ 14 ਸਾਲ ਦਿੱਲੀ ਹਾਈਕੋਰਟ ਦੇ ਜੱਜ ਸਨ।
ਜਸਟਿਸ ਖੰਨਾ ਪੰਜ ਜੱਜਾਂ ਦੇ ਸੰਵਿਧਾਨਕ ਬੈਂਚ ਦਾ ਹਿੱਸਾ ਸਨ ਜਿਨ੍ਹਾਂ ਨੇ ਚੋਣ ਬਾਂਡ ਸਕੀਮ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ ਸੀ। ਇਹ ਜਸਟਿਸ ਖੰਨਾ ਹੀ ਸਨ ਜਿਨ੍ਹਾਂ ਨੇ ਲੋਕ ਸਭਾ ਚੋਣਾਂ 'ਚ ਪ੍ਰਚਾਰ ਕਰਨ ਲਈ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਦਿੱਤੀ ਸੀ। ਉਨ੍ਹਾਂ ਨੂੰ ਪੰਜ ਜੱਜਾਂ ਦੇ ਬੈਂਚ 'ਚ ਸ਼ਾਮਲ ਕੀਤਾ ਗਿਆ ਸੀ ਜਿਨ੍ਹਾਂ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਦੇ ਕੇਂਦਰ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਸੀ। ਜਸਟਿਸ ਖੰਨਾ ਸੁਪਰੀਮ ਕੋਰਟ ਦੇ ਸਾਬਕਾ ਜੱਜ ਐੱਚਆਰ ਖੰਨਾ ਦੇ ਭਤੀਜੇ ਹਨ।
ਅਜਿਹੀ ਸਥਿਤੀ 'ਚ, ਕੀ ਤੁਸੀਂ ਜਾਣਦੇ ਹੋ ਕਿ ਸੁਪਰੀਮ ਕੋਰਟ 'ਚ ਜੱਜ ਦੀ ਨਿਯੁਕਤੀ ਕਿਵੇਂ ਕੀਤੀ ਜਾਂਦੀ ਹੈ? ਚੀਫ਼ ਜਸਟਿਸ ਤੇ ਜੱਜਾਂ ਦੀ ਤਨਖਾਹ ਕਿੰਨੀ ਹੈ?
ਇਹ ਕਿਵੇਂ ਤੈਅ ਹੁੰਦਾ ਹੈ ਕਿ ਕੌਣ ਬਣੇਗਾ ਚੀਫ਼ ਜਸਟਿਸ?
ਇਸ ਨੂੰ ਸਮਝਣ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਸੁਪਰੀਮ ਕੋਰਟ ਦੇ ਜੱਜ ਕਿਵੇਂ ਬਣਾਏ ਜਾਂਦੇ ਹਨ। ਕੌਲਿਜੀਅਮ ਸੁਪਰੀਮ ਕੋਰਟ 'ਚ ਜੱਜਾਂ ਦੀ ਨਿਯੁਕਤੀ ਦੀ ਸਿਫ਼ਾਰਸ਼ ਕਰਦਾ ਹੈ। ਕੌਲਿਜੀਅਮ 'ਚ ਸਿਰਫ਼ ਸੁਪਰੀਮ ਕੋਰਟ ਦੇ ਜੱਜ ਹੀ ਹੁੰਦੇ ਹਨ। ਇਹ ਕੌਲਿਜੀਅਮ ਜੱਜਾਂ ਦੇ ਨਾਂ ਕੇਂਦਰ ਸਰਕਾਰ ਨੂੰ ਭੇਜਦਾ ਹੈ। ਕੇਂਦਰ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਸੁਪਰੀਮ ਕੋਰਟ 'ਚ ਜੱਜ ਦੀ ਨਿਯੁਕਤੀ ਕੀਤੀ ਜਾਂਦੀ ਹੈ। ਜਿਸ ਦਿਨ ਕੋਈ ਜੱਜ ਸੁਪਰੀਮ ਕੋਰਟ 'ਚ ਸਹੁੰ ਚੁੱਕਦਾ ਹੈ, ਉਸ ਦਿਨ ਇਹ ਤੈਅ ਹੋ ਜਾਂਦਾ ਹੈ ਕਿ ਉਹ ਚੀਫ਼ ਜਸਟਿਸ ਬਣੇਗਾ ਜਾਂ ਨਹੀਂ। ਕਈ ਵਾਰ ਇੱਕੋ ਦਿਨ ਸਹੁੰ ਚੁੱਕਣ ਵਾਲੇ ਦੋ ਜੱਜ ਸੀਨੀਅਰ ਅਤੇ ਜੂਨੀਅਰ ਬਣ ਜਾਂਦੇ ਹਨ। ਇਹ ਦੋ-ਤਿੰਨ ਮਿੰਟਾਂ ਦੀ ਗੱਲ ਹੈ।
ਉਦਾਹਰਣ ਵਜੋਂ, ਜਸਟਿਸ ਦੀਪਕ ਮਿਸ਼ਰਾ ਅਤੇ ਜਸਟਿਸ ਚੇਲਾਮੇਸ਼ਵਰ ਨੇ ਇੱਕੋ ਦਿਨ ਸੁਪਰੀਮ ਕੋਰਟ 'ਚ ਸਹੁੰ ਚੁੱਕੀ। ਪਰ ਪਹਿਲਾਂ ਸਹੁੰ ਚੁੱਕਣ ਕਾਰਨ ਜਸਟਿਸ ਦੀਪਕ ਮਿਸ਼ਰਾ ਸੀਨੀਅਰ ਹੋ ਗਏ ਅਤੇ ਚੀਫ਼ ਜਸਟਿਸ ਬਣ ਗਏ। ਹਾਲਾਂਕਿ, ਜੇਕਰ ਇੱਕੋ ਦਿਨ ਕਈ ਜੱਜਾਂ ਨੂੰ ਸਹੁੰ ਚੁਕਾਈ ਜਾਂਦੀ ਹੈ ਤਾਂ ਕਿਹੜਾ ਜੱਜ ਕਦੋਂ ਸਹੁੰ ਚੁੱਕੇਗਾ, ਇਹ ਵੀ ਸੀਨੀਆਰਤਾ ਦੀ ਲੜੀ ਨਾਲ ਤੈਅ ਕੀਤਾ ਜਾਂਦਾ ਹੈ।
2027 ਤੱਕ ਦਾ ਤੈਅ ਕੀਤਾ ਗਿਆ ਸ਼ੈਡਿਊਲ
ਫਿਲਹਾਲ 2027 ਤੱਕ ਚੀਫ਼ ਜਸਟਿਸ ਦਾ ਅਹੁਦਾ ਸੰਭਾਲਣ ਵਾਲੇ ਜੱਜਾਂ ਦਾ ਕਾਰਜਕ੍ਰਮ ਤੈਅ ਹੈ। ਜਸਟਿਸ ਸੰਜੀਵ ਖੰਨਾ 11 ਨਵੰਬਰ 2024 ਤੋਂ 13 ਮਈ 2025 ਤੱਕ ਚੀਫ਼ ਜਸਟਿਸ ਹੋਣਗੇ। ਜਸਟਿਸ ਸੰਜੀਵ ਖੰਨਾ ਦੇ ਚਾਚਾ ਜਸਟਿਸ ਐੱਚਆਰ ਖੰਨਾ ਵੀ ਸੁਪਰੀਮ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਸਨ। ਪਰ ਕਿਹਾ ਜਾਂਦਾ ਹੈ ਕਿ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਨ੍ਹਾਂ ਨੂੰ ਚੀਫ਼ ਜਸਟਿਸ ਵਜੋਂ ਨਿਯੁਕਤ ਨਹੀਂ ਕੀਤਾ ਸੀ, ਜਿਸ ਕਾਰਨ ਉਨ੍ਹਾਂ ਗੁੱਸੇ 'ਚ ਆ ਕੇ ਅਸਤੀਫ਼ਾ ਦੇ ਦਿੱਤਾ ਸੀ।
ਜਸਟਿਸ ਸੰਜੀਵ ਖੰਨਾ ਤੋਂ ਬਾਅਦ ਜਸਟਿਸ ਬੀਆਰ ਗਵਈ 14 ਮਈ 2025 ਤੋਂ 13 ਨਵੰਬਰ 2025 ਤੱਕ ਯਾਨੀ ਕੁੱਲ ਛੇ ਮਹੀਨਿਆਂ ਲਈ ਇਹ ਅਹੁਦਾ ਸੰਭਾਲਣਗੇ। ਉਸ ਤੋਂ ਬਾਅਦ ਜਸਟਿਸ ਸੂਰਿਆ ਕਾਂਤ ਦੀ ਵਾਰੀ ਆਵੇਗੀ। ਜਸਟਿਸ ਸੂਰਿਆ ਕਾਂਤ 24 ਨਵੰਬਰ 2025 ਤੋਂ 9 ਫਰਵਰੀ 2027 ਤੱਕ ਕਰੀਬ ਡੇਢ ਸਾਲ ਲਈ ਇਸ ਅਹੁਦੇ 'ਤੇ ਰਹਿਣਗੇ।
ਜਸਟਿਸ ਸੂਰਿਆ ਕਾਂਤ ਦੇ 9 ਫਰਵਰੀ 2027 ਨੂੰ ਸੇਵਾਮੁਕਤ ਹੋਣ ਤੋਂ ਬਾਅਦ ਜਸਟਿਸ ਵਿਕਰਮ ਨਾਥ ਚੀਫ਼ ਜਸਟਿਸ ਬਣ ਸਕਦੇ ਹਨ। ਜਸਟਿਸ ਵਿਕਰਮ ਨਾਥ 4 ਮਹੀਨਿਆਂ ਲਈ ਚੀਫ਼ ਜਸਟਿਸ ਬਣੇ ਰਹਿਣਗੇ। ਉਨ੍ਹਾਂ ਤੋਂ ਬਾਅਦ ਜਸਟਿਸ ਬੀਵੀ ਨਾਗਰਥਨਾ ਚੀਫ਼ ਜਸਟਿਸ ਬਣ ਸਕਦੇ ਹਨ। ਹਾਲਾਂਕਿ ਉਹ ਇਸ ਅਹੁਦੇ 'ਤੇ ਸਿਰਫ 36 ਦਿਨ ਹੀ ਬਣੇ ਰਹਿਣਗੇ। ਜਸਟਿਸ ਬੀਬੀ ਨਾਗਰਥਨਾ ਦੇਸ਼ ਦੀ ਪਹਿਲੀ ਮਹਿਲਾ ਚੀਫ਼ ਜਸਟਿਸ ਹੋਵੇਗੀ।
ਚੀਫ਼ ਜਸਟਿਸ ਦੀ ਤਨਖਾਹ ਕਿੰਨੀ ਹੈ?
ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਚੀਫ਼ ਜਸਟਿਸ ਅਤੇ ਉਨ੍ਹਾਂ ਦੇ ਜੱਜਾਂ ਦੀਆਂ ਤਨਖਾਹਾਂ 'ਚ ਆਖਰੀ ਵਾਰ ਜਨਵਰੀ 2016 'ਚ ਸੋਧ ਕੀਤੀ ਗਈ ਸੀ। ਨਿਆਂ ਵਿਭਾਗ ਅਨੁਸਾਰ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੀ ਤਨਖ਼ਾਹ 2.80 ਲੱਖ ਰੁਪਏ ਅਤੇ ਉਨ੍ਹਾਂ ਦੇ ਜੱਜਾਂ ਦੀ ਤਨਖ਼ਾਹ 2.50 ਲੱਖ ਰੁਪਏ ਪ੍ਰਤੀ ਮਹੀਨਾ ਹੈ। ਯਾਨੀ ਜਸਟਿਸ ਖੰਨਾ ਨੂੰ ਹੁਣ ਤੱਕ 2.50 ਲੱਖ ਰੁਪਏ ਤਨਖਾਹ ਮਿਲ ਰਹੀ ਸੀ ਪਰ ਚੀਫ ਜਸਟਿਸ ਬਣਨ ਤੋਂ ਬਾਅਦ ਉਨ੍ਹਾਂ ਨੂੰ 2.80 ਲੱਖ ਰੁਪਏ ਤਨਖਾਹ ਮਿਲੇਗੀ।
ਸੇਵਾਮੁਕਤੀ ਤੋਂ ਬਾਅਦ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੂੰ 16.80 ਲੱਖ ਰੁਪਏ ਸਾਲਾਨਾ ਪੈਨਸ਼ਨ ਮਿਲਦੀ ਹੈ ਅਤੇ ਜੱਜਾਂ ਨੂੰ 15 ਲੱਖ ਰੁਪਏ। ਇਸ ਦੇ ਨਾਲ ਹੀ 20 ਲੱਖ ਰੁਪਏ ਦੀ ਗ੍ਰੈਚੁਟੀ ਵੀ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਸਾਰੇ ਰਾਜਾਂ ਦੇ ਹਾਈ ਕੋਰਟ ਦੇ ਚੀਫ ਜਸਟਿਸ ਨੂੰ 2.50 ਲੱਖ ਰੁਪਏ ਅਤੇ ਜੱਜਾਂ ਨੂੰ ਹਰ ਮਹੀਨੇ 2.25 ਲੱਖ ਰੁਪਏ ਤਨਖਾਹ ਮਿਲਦੀ ਹੈ। ਸੇਵਾਮੁਕਤੀ ਤੋਂ ਬਾਅਦ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ 15 ਲੱਖ ਰੁਪਏ ਅਤੇ ਜੱਜਾਂ ਨੂੰ 13.50 ਲੱਖ ਰੁਪਏ ਸਾਲਾਨਾ ਪੈਨਸ਼ਨ ਮਿਲਦੀ ਹੈ। ਹਾਈ ਕੋਰਟ ਦੇ ਜੱਜਾਂ ਅਤੇ ਚੀਫ਼ ਜਸਟਿਸ ਨੂੰ ਵੀ 20 ਲੱਖ ਰੁਪਏ ਦੀ ਗਰੈਚੁਟੀ ਮਿਲਦੀ ਹੈ।