''ਗੈਰ-ਕਾਨੂੰਨੀ ਪ੍ਰਮਾਣੂ ਗਤੀਵਿਧੀਆਂ ਪਾਕਿ ਦੀ ਪੁਰਾਣੀ ਆਦਤ'' ਟਰੰਪ ਦੇ ਦਾਅਵੇ ''ਤੇ ਭਾਰਤ ਸਰਕਾਰ ਦਾ ਪਹਿਲਾ ਬਿਆਨ

Friday, Nov 07, 2025 - 06:36 PM (IST)

''ਗੈਰ-ਕਾਨੂੰਨੀ ਪ੍ਰਮਾਣੂ ਗਤੀਵਿਧੀਆਂ ਪਾਕਿ ਦੀ ਪੁਰਾਣੀ ਆਦਤ'' ਟਰੰਪ ਦੇ ਦਾਅਵੇ ''ਤੇ ਭਾਰਤ ਸਰਕਾਰ ਦਾ ਪਹਿਲਾ ਬਿਆਨ

ਨੈਸ਼ਨਲ ਡੈਸਕ- ਐੱਮ.ਈ.ਏ. ਦੇ ਅਧਿਕਾਰਤ ਬੁਲਾਰੇ ਰਣਧੀਰ ਜਾਇਸਵਾਲ ਨੇ ਪਾਕਿਸਤਾਨ ਦੀਆਂ ਗੁਪਤ ਅਤੇ ਗੈਰ-ਕਾਨੂੰਨੀ ਪ੍ਰਮਾਣੂ ਗਤੀਵਿਧੀਆਂ 'ਤੇ ਭਾਰਤ ਦੀ ਪੁਰਾਣੀ ਚਿੰਤਾ ਨੂੰ ਦੋਹਰਾਇਆ। ਰਣਧੀਰ ਜਾਇਸਵਾਲ ਨੇ ਕਿਹਾ ਕਿ ਪਾਕਿਸਤਾਨ ਦੀਆਂ ਗੁਪਤ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਉਸਦੇ ਪੁਰਾਣੇ ਇਤਿਹਾਸ ਨਾਲ ਮੇਲ ਖਾਂਦੀਆਂ ਹਨ, ਜੋ ਕਿ ਦਹਾਕਿਆਂ ਦੀ ਤਸਕਰੀ, ਨਿਰਯਾਤ ਕੰਟਰੋਲ ਦੇ ਉਲੰਘਣ, ਗੁਪਤ ਸਾਂਝੇਦਾਰੀਆਂ, ਏ.ਕਿਊ. ਖਾਨ ਨੈੱਟਵਰਕ ਅਤੇ ਪ੍ਰਮਾਣੂ ਪ੍ਰਸਾਰ ਦਾ ਹੋਰ ਵਧਣਾ 'ਤੇ ਆਧਾਰਿਤ ਰਿਹਾ ਹੈ। ਭਾਰਤ ਨੇ ਪਾਕਿਸਤਾਨ ਦੇ ਰਿਕਾਰਡ ਦੇ ਇਨ੍ਹਾਂ ਪਹਿਲੂਆਂ 'ਤੇ ਹਮੇਸ਼ਾ ਦੁਨੀਆ ਦਾ ਧਿਆਨ ਆਕਰਸ਼ਿਤ ਕਰਵਾਇਆ ਹੈ। 

ਐੱਮ.ਈ.ਏ. ਨੇ ਇਹ ਵੀ ਪੁਸ਼ਟੀ ਕੀਤੀ ਕਿ ਭਾਰਤ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਪਾਕਿਸਤਾਨ ਦੇ ਪ੍ਰਮਾਣੂ ਪ੍ਰੀਖਣ ਨਾਲ ਜੁੜੀ ਟਿਪਣੀ ਦਾ ਨੋਟਿਸ ਲਿਆ ਹੈ, ਜੋ ਇਸੇ ਪਿੱਠਭੂਮੀ 'ਤੇ ਆਧਾਰਿਤ ਹੈ। 

ਅਫਗਾਨਿਸਤਾਨ : ਕਾਬੁਲ 'ਚ ਦੂਤਘਰ ਦੀ ਕਾਰਜ ਸਮਰਥਾ ਵਧਾਉਣ 'ਤੇ ਵਿਚਾਰ

ਅਫਗਾਨਿਸਤਾਨ ਦੇ ਸੰਬੰਧ 'ਚ ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਹਾਲ ਹੀ 'ਚ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਦੀ ਭਾਰਤ ਯਾਤਰਾ ਅਤੇ ਉਸਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵਿਚਾਲੇ ਟੈਲੀਫੋਨ 'ਤੇ ਹੋਈ ਗੱਲਬਾਤ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਕਾਬੁਲ 'ਚ ਭਾਰਤੀ ਦੂਤਘਰ ਦੀ ਕਾਰਜ ਪ੍ਰਣਾਲੀ ਨੂੰ ਲੈ ਕੇ ਵਿਚਾਰ ਕੀਤਾ ਜਾ ਰਿਹਾ ਹੈ। 

ਉਨ੍ਹਾਂ ਕਿਹਾ ਕਿ ਜਿੱਥੋਂ ਤਕ ਸਾਡੇ ਆਪਣੇ ਦੂਤਘਰ, ਕਾਬੁਲ 'ਚ ਸਾਡੇ ਤਕਨੀਕੀ ਮਿਸ਼ਨ ਦੇ ਸੰਚਾਲਨ ਅਤੇ ਅਪਗ੍ਰੇਡਿੰਗ ਦਾ ਸਵਾਲ ਹੈ, ਅਸੀਂ ਤੁਹਾਨੂੰ ਦੱਸਿਆ ਸੀ ਕਿ ਇਸਨੂੰ ਦੂਤਘਰ 'ਚ ਅਪਗ੍ਰੇਡ ਕਰ ਦਿੱਤਾ ਗਿਆ ਹੈ ਅਤੇ ਹੁਣ ਅਸੀਂ ਇਸ ਦੀਆਂ ਕਾਰਜ ਸਮਰਥਾਵਾਂ, ਕੰਮਾਂ, ਜ਼ਿੰਮੇਵਾਰੀਆਂ ਨੂੰ ਕਿਵੇਂ ਦੇਖੀਏ, ਇਸਦੀ ਗਿਣਤੀ (ਸਟਾਫ) ਕਿਵੇਂ ਵਧਾਈਏ, ਇਸ 'ਤੇ ਵਿਚਾਰ ਕਰ ਰਹੇ ਹਾਂ। ਇਹ ਚੀਜ਼ਾਂ ਵਿਚਾਰ ਅਧੀਨ ਹਨ ਅਤੇ ਇਹ ਬਾਅਦ 'ਚ ਹੋਣਗੀਆਂ। 


author

Rakesh

Content Editor

Related News