ਭਾਰਤ ਪਹੁੰਚਦਿਆਂ ਹੀ PM ਮੋਦੀ ਨੇ ਸੱਦ ਲਈ CCS ਦੀ ਮੀਟਿੰਗ ! ਦਿੱਲੀ ਧਮਾਕੇ ਮਗਰੋਂ ਹੋ ਸਕਦੀ ਹੈ ਵੱਡੀ ਕਾਰਵਾਈ
Wednesday, Nov 12, 2025 - 04:16 PM (IST)
ਨਵੀਂ ਦਿੱਲੀ : ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਲਾਲ ਕਿਲ੍ਹੇ ਦੇ ਨੇੜੇ ਹੋਏ ਬਲਾਸਟ ਤੋਂ ਬਾਅਦ ਕੇਂਦਰ ਸਰਕਾਰ ਪੂਰੀ ਤਰ੍ਹਾਂ ਐਕਸ਼ਨ ਮੋਡ ਵਿੱਚ ਆ ਗਈ ਹੈ। ਇਸੇ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭੂਟਾਨ ਤੋਂ ਪਰਤਣ ਮਗਰੋਂ ਬੁੱਧਵਾਰ ਨੂੰ ਸ਼ਾਮ 5:30 ਵਜੇ ਕੈਬਨਿਟ ਕਮੇਟੀ ਆਨ ਸਕਿਉਰਿਟੀ (CCS) ਦੀ ਅਹਿਮ ਬੈਠਕ ਸੱਦ ਲਈ ਹੈ। ਸੋਮਵਾਰ ਨੂੰ ਦਿੱਲੀ ਵਿਖੇ ਹੋਏ ਬਲਾਸਟ ਦੇ ਮੱਦੇਨਜ਼ਰ ਇਹ ਬੈਠਕ ਬਹੁਤ ਅਹਿਮ ਮੰਨੀ ਜਾ ਰਹੀ ਹੈ।
ਇਹ ਮੀਟਿੰਗ ਬੁੱਧਵਾਰ ਸ਼ਾਮ 5.30 ਵਜੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਵਿਖੇ ਹੋਵੇਗੀ। CCS ਦੀ ਬੈਠਕ ਦਾ ਮੁੱਖ ਉਦੇਸ਼ ਦੇਸ਼ ਵਿੱਚ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰਨਾ ਹੈ। CCS ਦੀ ਬੈਠਕ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੈਬਨਿਟ ਦੀ ਬੈਠਕ ਵੀ ਹੋਵੇਗੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੁਰੱਖਿਆ ਏਜੰਸੀਆਂ ਨਾਲ ਸਥਿਤੀ ਦੀ ਸਮੀਖਿਆ ਕੀਤੀ ਸੀ ਅਤੇ ਦਿੱਲੀ ਧਮਾਕੇ ਦੀ ਜਾਂਚ NIA (ਰਾਸ਼ਟਰੀ ਜਾਂਚ ਏਜੰਸੀ) ਨੂੰ ਸੌਂਪ ਦਿੱਤੀ ਸੀ।
ਇਹ ਵੀ ਪੜ੍ਹੋ- ਬੈਲਜੀਅਮ ਨੇ ਭਾਰਤ ਨਾਲ ਟੈਕਸੇਸ਼ਨ ਸਮਝੌਤੇ 'ਚ ਕੀਤਾ ਵੱਡਾ ਬਦਲਾਅ ! ਹੁਣ ਪੁਰਾਣਾ ਵਿੱਤੀ ਡਾਟਾ ਵੀ ਕਰੇਗਾ ਸਾਂਝਾ
ਪ੍ਰਧਾਨ ਮੰਤਰੀ ਮੋਦੀ ਨੇ ਇਸ ਮੁੱਦੇ 'ਤੇ ਭੂਟਾਨ ਤੋਂ ਵੀ ਸਖ਼ਤ ਸੰਦੇਸ਼ ਦਿੱਤਾ ਸੀ। ਆਪਣੇ ਭਾਸ਼ਣ 'ਚ ਉਨ੍ਹਾਂ ਕਿਹਾ ਸੀ ਕਿ ਦਿੱਲੀ ਵਿੱਚ ਵਾਪਰੀ ਭਿਆਨਕ ਘਟਨਾ ਨੇ ਸਾਰਿਆਂ ਨੂੰ ਦੁਖੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਬਹੁਤ ਭਾਰੀ ਮਨ ਨਾਲ ਭੂਟਾਨ ਆਏ ਹਨ ਅਤੇ ਪੂਰੀ ਰਾਤ ਉਹ ਇਸ ਘਟਨਾ ਦੀ ਜਾਂਚ ਨਾਲ ਜੁੜੀਆਂ ਏਜੰਸੀਆਂ ਨਾਲ ਮੀਟਿੰਗਾਂ ਕਰਦੇ ਰਹੇ ਸਨ।
ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਪੂਰਾ ਦੇਸ਼ ਪੀੜਤ ਪਰਿਵਾਰਾਂ ਦੇ ਨਾਲ ਖੜ੍ਹਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਏਜੰਸੀਆਂ ਇਸ ਸਾਜ਼ਿਸ਼ ਦੀ ਤਹਿ ਤੱਕ ਜਾਣਗੀਆਂ ਅਤੇ ਕਿਸੇ ਵੀ ਸਾਜ਼ਿਸ਼ਕਰਤਾ ਨੂੰ ਬਖਸ਼ਿਆ ਨਹੀਂ ਜਾਵੇਗਾ। ਪ੍ਰਧਾਨ ਮੰਤਰੀ ਨੇ ਅੰਗਰੇਜ਼ੀ ਵਿੱਚ ਵੀ ਦੁਹਰਾਇਆ ਸੀ ਕਿ 'All those responsible will be brought to justice।'
ਇਹ ਵੀ ਪੜ੍ਹੋ- ਦਿੱਲੀ ਦੀ ਹਵਾ ਨੇ ਸਾਹ ਲੈਣਾ ਕੀਤਾ ਔਖਾ ! ਕੰਪਨੀਆਂ ਨੇ ਕਰਮਚਾਰੀਆਂ ਲਈ ਮੁੜ ਸ਼ੁਰੂ ਕੀਤਾ 'Work From Home'
