ਰਾਤ ਨੂੰ ਮੂੰਹ ਲੁਕਾਏ ਸਕੂਟਰ ''ਤੇ ਪੁਡੂਚੇਰੀ ਦੀਆਂ ਸੜਕਾਂ ''ਤੇ ਨਿਕਲੀ ਕਿਰਨ ਬੇਦੀ

08/19/2017 12:01:07 PM

ਨਵੀਂ ਦਿੱਲੀ— ਪੁਡੂਚੇਰੀ ਦੀ ਉਪ ਰਾਜਪਾਲ ਕਿਰਨ ਬੇਦੀ ਸ਼ੁੱਕਰਵਾਰ ਦੀ ਰਾਤ ਨੂੰ ਸੜਕ 'ਤੇ ਨਿਕਲੀ ਅਤੇ ਔਰਤਾਂ ਦੀ ਸੁਰੱਖਿਆ ਦਾ ਜਾਇਜ਼ਾ ਲਿਆ। ਸ਼ੁੱਕਰਵਾਰ ਦੀ ਰਾਤ ਕਿਰਨ ਬੇਦੀ ਨੇ ਸਕੂਟਰ ਦੀ ਪਿਛਲੀ ਸੀਟ 'ਤੇ ਗੁਪਤ ਤਰੀਕੇ ਨਾਲ ਸਵਾਰੀ ਕੀਤੀ। ਫੋਟੋ 'ਚ ਕਿਰਨ ਬੇਦੀ ਸਕੂਟਰ 'ਤੇ ਪਿੱਛੇ ਬੈਠੀ ਹੈ ਅਤੇ ਚੁੰਨੀ ਨਾਲ ਆਪਣਾ ਮੂੰਹ ਲੁਕਾ ਰੱਖਿਆ ਹੈ। ਬਾਅਦ 'ਚ ਕਿਰਨ ਬੇਦੀ ਨੇ ਟਵੀਟ ਕਰ ਕੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਪੁਡੂਚੇਰੀ 'ਚ ਔਰਤਾਂ ਰਾਤ ਨੂੰ ਵੀ ਸੁਰੱਖਿਅਤ ਹਨ ਪਰ ਉਨ੍ਹਾਂ ਨੇ ਕਿਹਾ ਕਿ ਉਹ ਕੁਝ ਉਪਾਵਾਂ ਦਾ ਸੁਝਾਅ ਦੇਵੇਗੀ ਜੋ ਪੁਲਸ ਨੂੰ ਸੁਰੱਖਿਆ ਵਧਾਉਣ ਲਈ ਲੈਣ ਦੀ ਲੋੜ ਹੈ।
ਕਿਰਨ ਬੇਦੀ ਭਾਰਤੀ ਪੁਲਸ ਸੇਵਾ ਦੀ ਰਿਟਾਇਰਡ ਅਧਿਕਾਰੀ, ਸਮਾਜਿਕ ਵਰਕਰ, ਸਾਬਕਾ ਟੈਨਿਸ ਖਿਡਾਰੀ ਅਤੇ ਰਾਜਨੇਤਾ ਹਨ। ਸਾਲ 1972 'ਚ ਭਾਰਤੀ ਪੁਲਸ ਸੇਵਾ 'ਚ ਸ਼ਾਮਲ ਹੋਣ ਵਾਲੀ ਇਹ ਪਹਿਲੀ ਮਹਿਲਾ ਅਧਿਕਾਰੀ ਹੈ। 35 ਸਾਲ ਤੱਕ ਸੇਵਾ 'ਚ ਰਹਿਣ ਤੋਂ ਬਾਅਦ 2007 'ਚ ਉਨ੍ਹਾਂ ਨੇ ਰਿਟਾਇਰਮੈਂਟ ਲੈ ਲਈ। ਉਨ੍ਹਾਂ ਨੇ ਵੱਖ-ਵੱਖ ਅਹੁਦਿਆਂ 'ਤੇ ਰਹਿੰਦੇ ਹੋਏ ਆਪਣੀ ਕਾਰਜ-ਕੁਸ਼ਲਤਾ ਦੀ ਪਛਾਣ ਦਿੱਤੀ ਹੈ। ਉਹ ਸਾਂਝੇ ਕਮਿਸ਼ਨਰ ਪੁਲਸ ਟਰੇਨਡ ਅਤੇ ਦਿੱਲੀ ਪੁਲਸ ਸਪੈਸ਼ਲ ਕਮਿਸ਼ਨਰ (ਖੁਫੀਆ) ਦੇ ਅਹੁਦੇ 'ਤੇ ਕੰਮ ਕਰ ਚੁਕੀ ਹੈ। ਜ਼ਿਕਰਯੋਗ ਹੈ ਕਿ ਪੁਡੂਚੇਰੀ ਇਕ ਕੇਂਦਰ ਸ਼ਾਸਤ ਪ੍ਰਦੇਸ਼ ਹੈ। 2016 'ਚ ਉੱਥੇ ਵਿਧਾਨ ਸਭਾ ਚੋਣਾਂ ਹੋਈਆਂ ਸਨ। ਜਿਸ 'ਚ ਕਾਂਗਰਸ-ਡੀ.ਐੱਮ.ਕੇ. ਗਠਜੋੜ ਨੇ 30 ਮੈਂਬਰੀ ਵਿਧਾਨ ਸਭਾ 'ਚ 17 ਸੀਟਾਂ ਜਿੱਤ ਕੇ ਬਹੁਮਤ ਹਾਸਲ ਕੀਤਾ ਸੀ। ਸੀ. ਨਾਰਾਇਣਸਾਮੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ। ਉੱਥੇ ਹੀ ਕਈ ਮਹੀਨਿਆਂ 'ਚ ਹੀ ਸਾਬਕਾ ਆਈ.ਪੀ.ਐੱਸ. ਅਧਿਕਾਰੀ ਕਿਰਨ ਬੇਦੀ ਨੇ 23ਵੀਂ ਉਪ ਰਾਜਪਾਲ ਦੇ ਤੌਰ 'ਤੇ ਅਹੁਦਾ ਸੰਭਾਲਿਆ ਸੀ। ਉਦੋਂ ਤੋਂ ਹੀ ਉਪ ਰਾਜਪਾਲ ਅਤੇ ਰਾਜ ਸਰਕਾਰ ਦਰਮਿਆਨ ਤਣਾਅ ਹੈ।


Related News