ਖੜਗੇ ਤੇ ਉਨ੍ਹਾਂ ਦੇ ਪੁੱਤਰ ’ਤੇ 100 ਕਰੋੜ ਰੁਪਏ ਦੀ ਜ਼ਮੀਨ ਹੜੱਪਣ ਦਾ ਦੋਸ਼
Thursday, Jun 25, 2026 - 11:19 AM (IST)
ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਉਨ੍ਹਾਂ ਦੇ ਪੁੱਤਰ ਪ੍ਰਿਯਾਂਕ ਖੜਗੇ ’ਤੇ ਇਕ ਟਰੱਸਟ ਰਾਹੀਂ ਗਰੀਬਾਂ ਦੀ 100 ਕਰੋੜ ਰੁਪਏ ਦੀ ਜ਼ਮੀਨ ਹੜੱਪਣ ਦਾ ਦੋਸ਼ ਲਾਇਆ ਹੈ। ਬੁੱਧਵਾਰ ਇੱਥੇ ਪਾਰਟੀ ਹੈੱਡਕੁਆਰਟਰ ਵਿਖੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਭਾਜਪਾ ਦੇ ਰਾਸ਼ਟਰੀ ਬੁਲਾਰੇ ਪ੍ਰਦੀਪ ਭੰਡਾਰੀ ਨੇ ਖੜਗੇ ਤੇ ਉਨ੍ਹਾਂ ਦੇ ਪੁੱਤਰ ’ਤੇ ਸਿਧਾਰਥ ਵਿਹਾਰ ਟਰੱਸਟ ਦੇ ਨਾਂ ’ਤੇ ਜ਼ਮੀਨ ਹੜੱਪਣ ਦਾ ਦੋਸ਼ ਲਾਇਆ।
ਉਨ੍ਹਾਂ ਕਿਹਾ ਕਿ ਇਸ ਟਰੱਸਟ ’ਚ ਮੱਲਿਕਾਰਜੁਨ, ਉਨ੍ਹਾਂ ਦਾ ਪੁੱਤਰ ਪ੍ਰਿਯਾਂਕ, ਜਵਾਈ ਤੇ ਉਨ੍ਹਾਂ ਦੀ ਪਤਨੀ ਸ਼ਾਮਲ ਹਨ। ਇਹ ਟਰੱਸਟ ਖੜਗੇ ਪਰਿਵਾਰ ਦਾ ਹੈ। ਖੜਗੇ ਤੇ ਉਨ੍ਹਾਂ ਦੇ ਪੁੱਤਰ ਨੇ ਇਸ ਟਰੱਸਟ ਰਾਹੀਂ ਕਈ ਜ਼ਮੀਨਾਂ ਹਾਸਲ ਕੀਤੀਆਂ ਤੇ ਗਰੀਬਾਂ ਦੀ ਜ਼ਮੀਨ ਹੜੱਪਣ ਲਈ ਆਪਣੇ ਸਿਆਸੀ ਪ੍ਰਭਾਵ ਦੀ ਵਰਤੋਂ ਕੀਤੀ।
ਉਨ੍ਹਾਂ ਕਿਹਾ ਕਿ ਸਿਧਾਰਥ ਵਿਹਾਰ ਟਰੱਸਟ ਨੂੰ 2024 ’ਚ ਕਰਨਾਟਕ ਇੰਡਸਟਰੀਅਲ ਏਰੀਆ ਡਿਵੈਲਪਮੈਂਟ ਬੋਰਡ ਨੇ 5 ਏਕੜ ਜ਼ਮੀਨ ਦਿੱਤੀ ਸੀ। ਉਸ ਸਮੇਂ ਇਹ ਕਿਹਾ ਗਿਆ ਸੀ ਕਿ ਟਰੱਸਟ ਏਅਰੋਸਪੇਸ ਤੇ ਰੱਖਿਆ ਦੇ ਖੇਤਰਾਂ ’ਚ ਖੋਜ ਅਤੇ ਵਿਕਾਸ ਕਰੇਗਾ। ਇਸ ਜ਼ਮੀਨ ਦੀ ਬਾਜ਼ਾਰ ਦੀ ਕੀਮਤ ਲੱਗਭਗ 100 ਕਰੋੜ ਰੁਪਏ ਹੈ।
ਇਸ ਟਰੱਸਟ ਨੇ ਅਜੇ ਤੱਕ ਏਅਰੋਸਪੇਸ ਤੇ ਰੱਖਿਆ ਦੇ ਖੇਤਰ ’ਚ ਕੋਈ ਕੰਮ ਨਹੀਂ ਕੀਤਾ। ਹੁਣ ਸਵਾਲ ਇਹ ਉੱਠਦਾ ਹੈ ਕਿ ਕਰਨਾਟਕ ਦੀ ਕਾਂਗਰਸ ਸਰਕਾਰ ਨੇ 100 ਕਰੋੜ ਰੁਪਏ ਦੀ ਉਦਯੋਗਿਕ ਜ਼ਮੀਨ ਇਕ ਟਰੱਸਟ ਨੂੰ ਕਿਉਂ ਦਿੱਤੀ ਜਿਸ ਦੇ ਮੈਂਬਰ ਖੁਦ ਮੱਲਿਕਾਰਜੁਨ ਖੜਗੇ ਹਨ ? ਭਾਜਪਾ ਬੁਲਾਰੇ ਨੇ ਸਵਾਲ ਕੀਤਾ ਕਿ ਕੀ ਮੱਲਿਕਾਰਜੁਨ ਤੇ ਪ੍ਰਿਯਾਂਕ ਨੇ 5 ਏਕੜ ਉਦਯੋਗਿਕ ਜ਼ਮੀਨ ਲੈਣ ਲਈ ਆਪਣੇ ਅਹੁਦੇ ਤੇ ਪ੍ਰਭਾਵ ਦੀ ਵਰਤੋਂ ਕੀਤੀ ?
