''ਵਰਕ-ਫਰੌਮ-ਹੋਮ'' ਦੇ ਨਾਂ ''ਤੇ ਠੱਗੀ ਮਾਰਨ ਵਾਲੇ ਸਿੰਡੀਕੇਟ ਦਾ ਪਰਦਾਫਾਸ਼, ਰਾਜਸਥਾਨ ਤੋਂ 4 ਗ੍ਰਿਫਤਾਰ

Friday, Jun 19, 2026 - 04:33 PM (IST)

''ਵਰਕ-ਫਰੌਮ-ਹੋਮ'' ਦੇ ਨਾਂ ''ਤੇ ਠੱਗੀ ਮਾਰਨ ਵਾਲੇ ਸਿੰਡੀਕੇਟ ਦਾ ਪਰਦਾਫਾਸ਼, ਰਾਜਸਥਾਨ ਤੋਂ 4 ਗ੍ਰਿਫਤਾਰ

ਨਵੀਂ ਦਿੱਲੀ: ਦਿੱਲੀ ਪੁਲਸ ਦੇ ਸੈਂਟਰਲ ਡਿਸਟ੍ਰਿਕਟ ਦੇ ਸਾਈਬਰ ਪੁਲਸ ਸਟੇਸ਼ਨ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਸਾਈਬਰ ਧੋਖਾਧੜੀ ਅਤੇ ਮਨੀ ਲਾਂਡਰਿੰਗ ਕਰਨ ਵਾਲੇ ਗਿਰੋਹ ਨੂੰ ਨੱਥ ਪਾਈ ਹੈ। ਇਹ ਗਿਰੋਹ ਲੋਕਾਂ ਨੂੰ 'ਵਰਕ-ਫਰੌਮ-ਹੋਮ' ਦੇ ਮੌਕੇ ਦੇਣ ਦੇ ਬਹਾਨੇ ਠੱਗੀ ਦਾ ਸ਼ਿਕਾਰ ਬਣਾਉਂਦਾ ਸੀ। ਪੁਲਸ ਨੇ ਇਸ ਮਾਮਲੇ ਵਿੱਚ ਰਾਜਸਥਾਨ ਤੋਂ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।

ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਸੁਮਨ ਕੁਮਾਰ ਨਾਮੀ ਮਹਿਲਾ ਨੇ ਆਪਣੇ ਬੈਂਕ ਖਾਤੇ ਵਿੱਚੋਂ 2 ਲੱਖ ਰੁਪਏ ਦੀ ਨਿਕਾਸੀ ਸਬੰਧੀ ਸ਼ਿਕਾਇਤ ਦਰਜ ਕਰਵਾਈ। ਦਿਲਚਸਪ ਗੱਲ ਇਹ ਹੈ ਕਿ ਇਸ ਧੋਖਾਧੜੀ ਦਾ ਪਤਾ ਉਸ ਦੇ ਅਮਰੀਕਾ ਰਹਿੰਦੇ ਪੁੱਤਰ ਨੂੰ ਲੱਗਿਆ, ਜਿਸ ਨੇ ਖਾਤੇ ਵਿੱਚੋਂ ਹੋ ਰਹੀਆਂ ਸ਼ੱਕੀ ਟ੍ਰਾਂਜੈਕਸ਼ਨਾਂ ਨੂੰ ਦੇਖ ਕੇ ਭਾਰਤ ਆ ਕੇ ਸ਼ਿਕਾਇਤ ਦਰਜ ਕਰਵਾਈ। ਜਾਂਚ ਦੌਰਾਨ ਪਤਾ ਲੱਗਾ ਕਿ ਠੱਗੀ ਦੀ ਰਕਮ ਪਹਿਲਾਂ ਕਰਨਾਟਕ ਦੇ ਇੱਕ ਬੈਂਕ ਖਾਤੇ ਵਿਚ ਭੇਜੀ ਗਈ ਅਤੇ ਫਿਰ ਪੈਸਿਆਂ ਦੇ ਰਸਤੇ ਨੂੰ ਛੁਪਾਉਣ ਲਈ ਇਸ ਨੂੰ ਕਈ ਹੋਰ ਖਾਤਿਆਂ ਵਿਚ ਘੁਮਾਇਆ ਗਿਆ।

ਪੁਲਸ ਜਾਂਚ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਇਹ ਸਿੰਡੀਕੇਟ ਖਾਸ ਕਰਕੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਉਨ੍ਹਾਂ ਦੇ ਬੈਂਕ ਖਾਤਿਆਂ ਦੀ ਵਰਤੋਂ ਅਪਰਾਧ ਦੀ ਕਮਾਈ ਨੂੰ ਲਾਂਡਰ ਕਰਨ ਲਈ ਕਰਦਾ ਸੀ। ਠੱਗੀ ਦੇ ਪੈਸੇ ਨੂੰ ਆਨਲਾਈਨ ਜੂਏ ਦੇ ਪਲੇਟਫਾਰਮਾਂ ਰਾਹੀਂ ਲਾਂਡਰ ਕੀਤਾ ਜਾਂਦਾ ਸੀ। ਆਪਣੀ ਪਛਾਣ ਛੁਪਾਉਣ ਲਈ ਮੁਲਜ਼ਮ ਵਰਚੁਅਲ ਜਾਂ ਅੰਤਰਰਾਸ਼ਟਰੀ ਮੋਬਾਈਲ ਨੰਬਰਾਂ ਅਤੇ ਐਨਕ੍ਰਿਪਟਡ ਵਟਸਐਪ ਚੈਟਾਂ ਦੀ ਵਰਤੋਂ ਕਰਦੇ ਸਨ।

ਤਕਨੀਕੀ ਜਾਂਚ ਤੇ ਬੈਂਕ ਰਿਕਾਰਡਾਂ ਦੇ ਆਧਾਰ 'ਤੇ ਪੁਲਸ ਨੇ ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਪਿੰਡ ਕੇਰਪੁਰਾ ਵਿਚ ਛਾਪੇਮਾਰੀ ਕੀਤੀ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਭਿਸ਼ੇਕ ਸਿਹਾਗ, ਅੰਕਿਤ ਗੜ੍ਹਵਾਲ, ਵਿਕਾਸ ਬੇਨੀਵਾਲ ਅਤੇ ਲੋਕੇਸ਼ ਕੁਮਾਰ ਵਜੋਂ ਹੋਈ ਹੈ।

ਪੁਲਸ ਅਧਿਕਾਰੀਆਂ ਅਨੁਸਾਰ ਚਾਰੋਂ ਮੁਲਜ਼ਮਾਂ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਪੁਲਸ ਹੁਣ ਇਸ ਸਿੰਡੀਕੇਟ ਦੇ ਹੋਰ ਸਾਥੀਆਂ ਅਤੇ ਠੱਗੀ ਦੇ ਬਾਕੀ ਪੈਸਿਆਂ ਦਾ ਪਤਾ ਲਗਾਉਣ ਲਈ ਅਗਲੀ ਜਾਂਚ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News