ਕੇਰਲ 'ਚ ਜ਼ਮੀਨ ਖਿੱਸਕਣ ਕਾਰਨ 10 ਲੋਕਾਂ ਦੀ ਮੌਤ, 85 ਲਾਪਤਾ

Friday, Aug 07, 2020 - 02:17 PM (IST)

ਕੇਰਲ 'ਚ ਜ਼ਮੀਨ ਖਿੱਸਕਣ ਕਾਰਨ 10 ਲੋਕਾਂ ਦੀ ਮੌਤ, 85 ਲਾਪਤਾ

ਕੇਰਲ- ਕੇਰਲ 'ਚ ਭਾਰੀ ਬਾਰਸ਼ ਅਤੇ ਹੜ੍ਹ ਕਾਰਨ ਇਡੁੱਕੀ ਜ਼ਿਲ੍ਹੇ ਦੇ ਰਾਜਮਲਾ ਇਲਾਕੇ 'ਚ ਜ਼ਮੀਨ ਖਿੱਸਕਣ ਨਾਲ 10  ਲੋਕਾਂ ਦੀ ਮੌਤ ਹੋ ਗਈ ਹੈ ਅਤੇ 85 ਲਾਪਤਾ ਹੋ ਗਏ। ਇਸ ਦੌਰਾਨ 16 ਲੋਕਾਂ ਨੂੰ ਬਚਾ ਲਿਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਵੀਰਵਾਰ ਰਾਤ ਤੋਂ ਖੇਤਰ 'ਚ ਭਾਰੀ ਬਾਰਸ਼ ਹੋ ਰਹੀ ਹੈ, ਜਿਸ ਕਾਰਨ ਮੁੰਨਾਰ ਪੇਂਡੂ ਪੰਚਾਇਤ 'ਚ ਰਾਜਾਮਲਾ ਦੇ ਪੇਟੀਮੁਡੀ 'ਚ ਤੜਕੇ ਕਰੀਬ 4 ਵਜੇ ਜ਼ਮੀਨ ਖਿੱਸਕਣ ਕਾਰਨ ਇਹ ਘਟਨਾ ਹੋਈ। ਹਾਦਸੇ ਵਾਲੀ ਜਗ੍ਹਾ ਤੋਂ 10 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਦੋਂ ਕਿ 16 ਲੋਕਾਂ ਨੂੰ ਬਚਾ ਲਿਆ ਗਿਆ ਹੈ, ਜਿਨ੍ਹਾਂ 'ਚੋਂ 4 ਦੀ ਹਾਲਤ ਗੰਭੀਰ ਹੈ। ਬਚਾਏ ਗਏ ਲੋਕਾਂ ਨੂੰ ਇੱਥੋਂ ਦੇ ਕੰਨਤ ਦੇਵਨ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਇਲਾਕੇ ਤੋਂ ਹੋਰ ਖੇਤਰਾਂ ਦਾ ਸੰਪਰਕ ਘੱਟ ਹੋਣ ਕਾਰਨ ਘਟਨਾ ਬਾਰੇ ਕਈ ਘੰਟਿਆਂ ਬਾਅਦ ਸਵੇਰੇ ਪਤਾ ਲੱਗਾ।
 

ਰਾਸ਼ਟਰੀ ਆਫ਼ਤ ਰਾਹਤ ਫੋਰਸ (ਐੱਨ.ਡੀ.ਆਰ.ਐੱਫ.) ਦੀ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ ਗਿਆ। ਇਕ ਅਧਿਕਾਰੀ ਨੇ ਦੱਸਿਆ ਕਿ ਬਚਾਅ ਮੁਹਿੰਮ ਦੇ ਅਧੀਨ ਲੋਕਾਂ ਨੂੰ ਜਹਾਜ਼ ਰਾਹੀਂ ਕੱਢਣ ਦੀਆਂ ਕੋਸ਼ਿਸ਼ਾਂ ਵੀ ਖਰਾਬ ਮੌਸਮ ਕਾਰਨ ਫਿਲਹਾਲ ਕਾਮਯਾਬ ਨਹੀਂ ਹੋ ਸਕੀਆਂ ਹਨ। ਗੁਆਂਢੀ ਜ਼ਿਲ੍ਹੇ ਦੇ ਹਸਾਪਤਾਲਂ ਨੂੰ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ। ਜ਼ਮੀਨ ਖਿੱਸਕਣ 'ਚ ਵੱਡੀ ਗਿਣਤੀ 'ਚ ਲੋਕਾਂ ਦੇ ਦਬਣ ਦਾ ਖਦਸ਼ਾ ਹੈ, ਜਿਨ੍ਹਾਂ 'ਚੋਂ ਜ਼ਿਆਦਾਤਰ ਕੰਨਨ ਦੇਵਨ ਚਾਹ ਬਗੀਚੇ ਦੇ ਮਜ਼ਦੂਰ ਹਨ, ਜੋ ਉੱਥੇ 20 ਘਰਾਂ 'ਚ ਰਹਿੰਦੇ ਸਨ। 


author

DIsha

Content Editor

Related News