ਕੇਰਲ ਨਨ ਰੇਪ ਕੇਸ : ਦੋਸ਼ੀ ਪਾਦਰੀ ਪਹੁੰਚਿਆ ਸੁਪਰੀਮ ਕੋਰਟ, ਦੋਸ਼ ਹਟਾਉਣ ਦੀ ਲਗਾਈ ਗੁਹਾਰ

08/02/2020 5:44:02 PM

ਨਵੀਂ ਦਿੱਲੀ- ਕੇਰਲ ਨਨ ਰੇਪ ਕੇਸ ਦੇ ਦੋਸ਼ੀ ਬਿਸ਼ਪ ਫਰੈਂਕੋ ਮੁਲੱਕਲ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਮੁਲੱਕਲ ਨੇ ਕੋਰਟ ਤੋਂ ਗੁਹਾਰ ਲਗਾਈ ਹੈ ਕਿ ਉਸ ਵਿਰੁੱਧ ਲਗਾਏ ਗਏ ਦੋਸ਼ ਹਟਾ ਦਿੱਤੇ ਜਾਣ। ਦੂਜੇ ਪਾਸੇ ਕੇਰਲ ਸਰਕਾਰ ਅਤੇ ਪੀੜਤ ਨਨ ਨੇ ਸੁਪਰੀਮ ਕੋਰਟ 'ਚ ਕੈਵੀਏਟ ਦਾਖਲ ਕਰ ਕੇ ਕੋਰਟ ਨੂੰ ਕਿਹਾ ਕਿ ਕੋਈ ਵੀ ਫੈਸਲਾ ਦੇਣ ਤੋਂ ਪਹਿਲਾਂ ਉਨ੍ਹਾਂ ਦਾ ਪੱਖ ਸੁਣਿਆ ਜਾਵੇ। ਇਸ ਮਾਮਲੇ 'ਚ ਅਗਲੀ ਸੁਣਵਾਈ 5 ਅਗਸਤ ਨੂੰ ਹੋਵੇਗੀ। ਦੱਸਣਯੋਗ ਹੈ ਕਿ ਕੇਰਲ ਹਾਈ ਕੋਰਟ ਨੇ 7 ਜੁਲਾਈ ਨੂੰ ਇਕ ਸੁਣਵਾਈ 'ਚ ਮੁਲੱਕਲ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਹਾਈ ਕੋਰਟ ਨੇ ਮੁਲੱਕਲ ਨੂੰ ਪਹਿਲੀ ਨਜ਼ਰ ਦੋਸ਼ੀ ਮੰਨਿਆ ਹੈ। ਇਸ ਤੋਂ ਬਾਅਦ ਬਿਸ਼ਪ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ।

ਕੁਝ ਦਿਨ ਪਹਿਲਾਂ ਉਸ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਹੋਇਆ ਸੀ। ਇਸ ਦੇ ਨਾਲ ਹੀ ਉਸ ਦੀ ਜ਼ਮਾਨਤ ਵੀ ਰੱਦ ਹੋ ਚੁਕੀ ਹੈ। ਇਸ ਨੂੰ ਦੇਖਦੇ ਹੋਏ ਉਸ ਨੇ ਸੁਪਰੀਮ ਕੋਰਟ 'ਚ ਰਾਹਤ ਦੀ ਗੁਹਾਰ ਲਗਾਈ ਹੈ। ਦੱਸਣਯੋਗ ਹੈ ਕਿ ਸਾਲ 2018 'ਚ ਕੋਟਾਯਮ ਜ਼ਿਲ੍ਹੇ 'ਚ ਇਕ ਘਟਨਾ ਸਾਹਮਣੇ ਆਈ ਸੀ, ਜਿਸ 'ਚ ਬਿਸ਼ਪ ਫਰੈਂਕੋ ਮੁਲੱਕਲ ਵਿਰੁੱਧ ਇਕ ਨਨ ਨੇ ਰਿਪੋਰਟ ਦਰਜ ਕਰਵਾਈ ਸੀ। ਨਨ ਨੇ ਦੋਸ਼ 'ਚ ਕਿਹਾ ਸੀ ਕਿ ਬਿਸ਼ਪ ਨੇ ਸਾਲ 2014-16 'ਚ ਉਸ ਦੀ ਯੌਨ ਸ਼ੋਸ਼ਣ ਕੀਤਾ। ਬਾਅਦ 'ਚ 21 ਸਤੰਬਰ 2018 ਨੂੰ ਇਸ ਮਾਮਲੇ ਦੀ ਜਾਂਚ ਕਰ ਰਹੀ ਐੱਸ.ਆਈ.ਟੀ. ਨੇ ਮੁਲੱਕਲ ਨੂੰ ਗ੍ਰਿਫਤਾਰ ਕੀਤਾ ਸੀ। ਫਰੈਂਕੋ ਮੁਲੱਕਲ 'ਤੇ ਬੰਧਕ ਬਣਾ ਕੇ ਰੇਪ, ਗੈਰ-ਕੁਦਰਤੀ ਯੌਨ ਸੰਬੰਧ ਵਰਗੇ ਗੰਭੀਰ ਦੋਸ਼ ਲੱਗੇ ਹਨ। 16 ਅਕਤੂਬਰ 2018 ਨੂੰ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ। 

ਇਸ ਸਾਲ ਅਪ੍ਰੈਲ ਮਹੀਨੇ ਮੁਲੱਕਲ ਵਿਰੁੱਧ ਪੁਲਸ ਨੇ ਦੋਸ਼ ਪੱਤਰ ਦਾਇਰ ਕੀਤਾ ਸੀ। ਬਿਸ਼ਪ ਵਿਰੁੱਧ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ ਦੋਸ਼ ਲਗਾਏ ਗਏ ਹਨ। ਨਨ ਨੇ ਆਪਣੇ ਦੋਸ਼ 'ਚ ਕਿਹਾ ਸੀ ਕਿ ਉਸ ਨੂੰ ਪੁਲਸ ਕੋਲ ਇਸ ਲਈ ਜਾਣਾ ਪਿਆ, ਕਿਉਂਕਿ ਚਰਚ ਦੇ ਅਧਿਕਾਰੀਆਂ ਨੇ ਉਸ ਦੀਆਂ ਸ਼ਿਕਾਇਤਾਂ 'ਤੇ ਪਾਦਰੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ।


DIsha

Content Editor

Related News