ਗਰਭਵਤੀ ਹਥਣੀ ਮੌਤ ਮਾਮਲਾ : NGT ਦਾ ਸਖ਼ਤ ਰਵੱਈਆ, ਕਮੇਟੀ ਤੋਂ ਮੰਗੀ ਰਿਪੋਰਟ

06/07/2020 6:29:03 PM

ਨਵੀਂ ਦਿੱਲੀ (ਭਾਸ਼ਾ)— ਕੇਰਲ ਦੇ ਸਾਈਲੈਂਟ ਵੈਲੀ ਜੰਗਲ 'ਚ ਇਕ ਗਰਭਵਤੀ ਹਥਣੀ ਦੀ ਮੌਤ ਦੇ ਮਾਮਲੇ ਨੂੰ ਧਿਆਨ 'ਚ ਲੈਂਦੇ ਹੋਏ ਨੈਸ਼ਨਲ ਗ੍ਰੀਨ ਟਿਬਿਊਨਲ (ਐੱਨ. ਜੀ. ਟੀ.) ਨੇ ਸਖ਼ਤ ਰਵੱਈਆ ਅਪਣਾਉਂਦੇ ਹੋਏ ਇਕ ਕਮੇਟੀ ਦਾ ਗਠਨ ਕੀਤਾ ਹੈ ਅਤੇ ਇਸ ਮਾਮਲੇ 'ਚ ਕਾਰਵਾਈ ਸਬੰਧੀ ਰਿਪੋਰਟ ਜਮਾ ਕਰਨ ਦਾ ਨਿਰਦੇਸ਼ ਦਿੱਤਾ ਹੈ। ਦੱਸਣਯੋਗ ਹੈ ਕਿ ਕਥਿਤ ਤੌਰ 'ਤੇ ਹਥਣੀ ਸਥਾਨਕ ਲੋਕਾਂ ਵਲੋਂ ਦਿੱਤੇ ਗਏ ਪਟਾਕਿਆਂ ਨਾਲ ਭਰਿਆ ਅਨਾਨਾਸ ਨੂੰ ਖਾਣ ਤੋਂ ਬਾਅਦ ਹੋਏ ਧਮਾਕੇ ਵਿਚ ਜ਼ਖ਼ਮੀ ਹੋ ਗਈ ਸੀ ਅਤੇ 27 ਮਈ ਨੂੰ ਵੇਲੀਆਰ ਨਦੀ ਵਿਚ ਉਸ ਨੇ ਦਮ ਤੋੜ ਦਿੱਤਾ। ਉਸ ਦੀ ਪੋਸਟਮਾਰਟਮ ਰਿਪੋਰਟ ਵਿਚ ਪਤਾ ਲੱਗਾ ਹੈ ਕਿ ਉਹ ਗਰਭਵਤੀ ਸੀ। ਅਨਾਨਾਸ ਖਾਣ ਤੋਂ ਬਾਅਦ ਮੂੰਹ 'ਚ ਧਮਾਕਾ ਹੋਣ ਕਾਰਨ ਉਸ ਦਾ ਜਬਾੜਾ ਟੁੱਟ ਗਿਆ ਅਤੇ ਉਹ ਕੁਝ ਖਾ ਨਹੀਂ ਸਕੀ। ਐੱਨ. ਜੀ. ਟੀ. ਨੇ ਕਿਹਾ ਕਿ ਇਸ ਖ਼ਬਰ ਨਾਲ ਪੂਰੇ ਰਾਸ਼ਟਰ ਦੇ ਲੋਕਾਂ ਵਿਚ ਰੋਹ ਹੈ ਅਤੇ ਇਹ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਗਈ ਹੈ। 

ਐੱਨ. ਜੀ. ਟੀ. ਨੇ ਕਿਹਾ ਕਿ ਜੰਗਲੀ ਜੀਵਾਂ ਦੀ ਸੰਭਾਲ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਉਨ੍ਹਾਂ ਦਾ ਮਨੁੱਖ ਨਾਲ ਸੰਘਰਸ਼ ਹੋਣ ਅਤੇ ਜਾਨਵਰਾਂ ਦੀ ਜਾਨ ਨੂੰ ਖ਼ਤਰੇ 'ਚ ਪਾਉਣ ਸਬੰਧੀ ਕਈ ਪੱਖਾਂ ਕਾਰਨ ਅਜਿਹੀਆਂ ਚੀਜ਼ਾਂ ਸ਼ਾਇਦ ਹੋ ਰਹੀਆਂ ਹਨ। ਜਸਟਿਸ ਕੇ. ਰਾਮਕ੍ਰਿਸ਼ਨਨ ਅਤੇ ਸੈਬਾਲ ਦਾਸਗੁਪਤਾ ਦੀ ਬੈਂਚ ਨੇ ਵਾਤਾਵਰਣ ਅਤੇ ਜੰਗਲਾਤ ਮੰਤਰਾਲਾ, ਕੇਰਲ ਸਰਕਾਰ ਅਤੇ ਹੋਰ ਪੱਖਾਂ ਨੂੰ ਇਸ ਸਬੰਧ ਵਿਚ ਨੋਟਿਸ ਜਾਰੀ ਕੀਤੇ ਅਤੇ 10 ਜੁਲਾਈ ਤੋਂ ਪਹਿਲਾਂ ਜਵਾਬ ਦੇਣ ਨੂੰ ਕਿਹਾ ਹੈ।

ਬੈਂਚ ਨੇ 5 ਜੂਨ ਨੂੰ ਜਾਰੀ ਕੀਤੇ ਆਦੇਸ਼ ਵਿਚ ਕਿਹਾ ਕਿ ਅਸਲ ਸਥਿਤੀ ਦਾ ਪਤਾ ਲਾਉਣ ਅਤੇ ਜੰਗਲੀ ਜੀਵਾਂ ਦੀ ਸੰਭਾਲ ਅਤੇ ਭਵਿੱਖ ਵਿਚ ਮਨੁੱਖ-ਜਾਨਵਰਾਂ ਦੇ ਸੰਘਰਸ਼ ਨੂੰ ਘਟਾਉਣ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਪਤਾ ਲਾਉਣ ਲਈ ਸਾਨੂੰ ਲੱਗਦਾ ਹੈ ਕਿ ਇਕ ਸਾਂਝੀ ਕਮੇਟੀ ਦਾ ਗਠਨ ਉੱਚਿਤ ਹੋਵੇਗਾ।


Tanu

Content Editor

Related News