ਕੋਰੋਨਾ ਨਾਲ ਜੰਗ : ਕੇਰਲ ਦੇ ਬਜ਼ੁਰਗ ਜੋੜੇ ਨੇ ''ਕੋਰੋਨਾ ਵਾਇਰਸ'' ਨੂੰ ਦਿੱਤੀ ਮਾਤ
Wednesday, Apr 01, 2020 - 10:41 AM (IST)
ਤਿਰੂਅੰਨਤਪੁਰਮ (ਭਾਸ਼ਾ)- ਪੂਰੀ ਦੁਨੀਆ ਵਿਚ ਬਜ਼ੁਰਗਾਂ ਲਈ ਹੱਦ ਨਾਲੋਂ ਵੱਧ ਜਾਨਲੇਵਾ ਸਾਬਿਤ ਹੋ ਰਹੇ ਕੋਰੋਨਾ ਵਾਇਰਸ ਨੂੰ ਹਰਾ ਕੇ ਕੇਰਲ ਦੇ 93 ਅਤੇ 88 ਸਾਲ ਉੁਮਰ ਵਾਲੇ ਬਜ਼ੁਰਗ ਜੋੜੇ ਦਾ ਤੰਦਰੁਸਤ ਹੋਣਾ ਦੂਜੇ ਮਰੀਜ਼ਾਂ ਲਈ ਵੱਡੀ ਰਾਹਤ ਦੇਣ ਵਾਲੀ ਸੂਚਨਾ ਹੈ। ਕੁਝ ਮਾਹਰ ਇਸ ਨੂੰ ਦੁਰਲੱਭ ਮਾਮਲਾ ਦੱਸ ਰਹੇ ਹਨ। ਦਰਅਸਲ ਪੂਰੀ ਦੁਨੀਆ ਵਿਚ ਅਜੇ ਤੱਕ ਕੋਰੋਨਾ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਵਿਚ ਸਭ ਤੋਂ ਜ਼ਿਆਦਾ ਗਿਣਤੀ ਬਜ਼ੁਰਗਾਂ ਦੀ ਹੈ। ਅਜਿਹੇ ਵਿਚ ਦੋਵਾਂ ਦਾ ਠੀਕ ਹੋਣਾ ਚੰਗੀ ਖਬਰ ਹੈ।
ਮੱਧ ਟਰਾਵਣ ਕੋਰ ਖੇਤਰ ਵਿਚ ਪਥਨਮਥਿੱਟਾ ਨਗਰ ਨਿਗਮ ਖੇਤਰ ਦੇ ਰਾਣੀ ਇਲਾਕੇ ਦੇ ਰਹਿਣ ਵਾਲੇ ਥਾਮਸ ਅਤੇ ਉਸ ਦੀ ਪਤਨੀ ਮਰੀਅੰਮਾ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਸੀ। ਦੋਵਾਂ ਦੀ ਹਾਲਤ ਕਈ ਦਿਨਾਂ ਤੱਕ ਗੰਭੀਰ ਬਣੀ ਰਹੀ ਅਤੇ ਇਲਾਜ ਤੋਂ ਬਾਅਦ ਦੋਵੇਂ ਪੂਰੀ ਤਰ੍ਹਾਂ ਠੀਕ ਹੋ ਗਏ ਹਨ। ਇਸ ਬਜ਼ੁਰਗ ਜੋੜੇ ਦਾ ਬੇਟਾ ਆਪਣੇ ਪਰਿਵਾਰ ਨਾਲ ਇਟਲੀ ਗਿਆ ਸੀ ਅਤੇ ਉਥੋਂ ਪਰਤਣ 'ਤੇ ਉਸ ਦੀ ਜਾਂਚ ਰਿਪੋਰਟ ਪਾਜ਼ੀਟਿਵ ਆਈ ਸੀ। ਇਹ ਜੋੜਾ ਆਪਣੇ ਬੇਟੇ ਦੇ ਸੰਪਰਕ ਵਿਚ ਆ ਕੇ ਇਸ ਬੀਮਾਰੀ ਦੀ ਲਪੇਟ ਵਿਚ ਆ ਗਿਆ ਸੀ। ਉਨ੍ਹਾਂ ਦੀ ਜਾਂਚ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਕੋਟਾਯਮ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।
ਓਧਰ ਕੇਰਲ ਦੇ ਸਿਹਤ ਮੰਤਰੀ ਸ਼ੈਲਜਾ ਨੇ ਦੱਸਿਆ ਕਿ ਜੋੜਾ ਮੌਤ ਦੇ ਮੂੰਹ 'ਚੋਂ ਨਿਕਲ ਕੇ ਬਾਹਰ ਆਇਆ ਹੈ, ਕਿਉਂਕਿ ਦੋਵੇਂ ਸ਼ੂਗਰ ਅਤੇ ਹਾਈਪਰਟੈਂਸ਼ਨ ਵਰਗੀਆਂ ਬੀਮਾਰੀਆਂ ਦੇ ਮਰੀਜ਼ ਸਨ। ਇਕ ਵਾਰ ਪੀੜਤਾਂ ਨੂੰ ਵੈਂਟੀਲੇਟਰ 'ਤੇ ਵੀ ਰੱਖਿਆ ਗਿਆ ਸੀ। ਸਿਹਤ ਮੰਤਰੀ ਨੇ ਦੱਸਿਆ ਕਿ ਅਸੀਂ ਡਾਕਟਰਾਂ ਨੂੰ ਸਾਫ ਨਿਰਦੇਸ਼ ਦਿੱਤੇ ਸਨ ਕਿ ਇਨ੍ਹਾਂ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾਣ। ਦੱਸਣਯੋਗ ਹੈ ਕਿ ਭਾਰਤ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 1300 ਤੋਂ ਪਾਰ ਹੋ ਗਈ ਹੈ ਅਤੇ 35 ਲੋਕਾਂ ਦੀ ਹੁਣ ਤਕ ਮੌਤ ਹੋ ਚੁੱਕੀ ਹੈ।