ਕੇਜਰੀਵਾਲ ਨੇ ਆਸਾਮ ਦੇ CM ’ਤੇ ਵਿੰਨ੍ਹਿਆ ਨਿਸ਼ਾਨਾ- ਜੇ ਤੁਹਾਡੇ ਸਕੂਲ ਚੰਗੇ ਨਹੀਂ ਹਨ ਤਾਂ ਮਿਲ ਕੇ ਠੀਕ ਕਰਾਂਗੇ

Monday, Aug 29, 2022 - 10:25 AM (IST)

ਨਵੀਂ ਦਿੱਲੀ (ਬਿਊਰੋ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਸਾਮ ਦੇ ਉਨ੍ਹਾਂ ਦੇ ਹਮਰੁਤਬਾ ਹਿਮੰਤ ਬਿਸਵ ਸਰਮਾ ਵਿਚਾਲੇ ਟਵਿੱਟਰ ’ਤੇ ਸ਼ਬਦੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਸਰਮਾ ’ਤੇ ਨਿਸ਼ਾਨਾ ਵਿੰਨ੍ਹਦਿਆਂ ਕੇਜਰੀਵਾਲ ਨੇ ਕਿਹਾ ਕਿ ਜੇਕਰ ਉੱਤਰ-ਪੂਰਬੀ ਸੂਬੇ ’ਚ ਸਕੂਲ ‘ਚੰਗੇ ਨਹੀਂ’ ਹਨ ਤਾਂ ‘ਅਸੀਂ ਮਿਲ ਕੇ ਉਨ੍ਹਾਂ ਨੂੰ ਠੀਕ ਕਰ ਸਕਦੇ ਹਾਂ।’ ਦੋਵਾਂ ਨੇਤਾਵਾਂ ਵਿਚਾਲੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਸ਼ਬਦੀ ਤੀਰਾਂ ਦਾ ਦੌਰ ਬੁੱਧਵਾਰ ਨੂੰ ਉਦੋਂ ਸ਼ੁਰੂ ਹੋਇਆ, ਜਦੋਂ ਕੇਜਰੀਵਾਲ ਨੇ ਟਵੀਟ ਕੀਤਾ ਕਿ ਸਕੂਲ ਬੰਦ ਕਰਨਾ ਕੋਈ ਹੱਲ ਨਹੀਂ ਹੈ ਅਤੇ ਦੇਸ਼ ਭਰ ’ਚ ਹੋਰ ਸਕੂਲ ਖੋਲ੍ਹਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਇਕ ਖ਼ਬਰ ਦਾ ਇਕ ਲਿੰਕ ਸਾਂਝਾ ਕੀਤਾ ਸੀ, ਜਿਸ ’ਚ ਦਾਅਵਾ ਕੀਤਾ ਗਿਆ ਸੀ ਕਿ ਅਸਾਮ ’ਚ ਕੁਝ ਸਕੂਲ ‘ਬੰਦ’ ਹੋ ਗਏ ਹਨ।

ਸਰਮਾ ਨੇ ਐਤਵਾਰ ਨੂੰ ਟਵਿੱਟਰ ’ਤੇ ਕੇਜਰੀਵਾਲ ਤੋਂ ਪੁੱਛਿਆ ਕਿ ਦਿੱਲੀ ਨੂੰ ਲੰਡਨ ਅਤੇ ਪੈਰਿਸ ਬਣਾਉਣ ਦੇ ਉਨ੍ਹਾਂ ਦੇ ਵਾਅਦੇ ਦਾ ਕੀ ਹੋਇਆ। ਉਨ੍ਹਾਂ ਕਿਹਾ, “ਜਦੋਂ ਤੁਸੀਂ ਕੁਝ ਕਰ ਨਹੀਂ ਸਕੇ ਤਾਂ ਤੁਸੀਂ ਦਿੱਲੀ ਦੀ ਤੁਲਨਾ ਆਸਾਮ ਅਤੇ ਉੱਤਰ-ਪੂਰਬੀ ਸੂਬਿਆਂ ਨਾਲ ਕਰਨੀ ਸ਼ੁਰੂ ਕਰ ਦਿੱਤੀ।” ਸਰਮਾ ਨੇ ਕਿਹਾ ਕਿ ਜਦੋਂ ਭਾਜਪਾ ਦਿੱਲੀ ਵਰਗੇ ਸ਼ਹਿਰ ’ਚ ਸੱਤਾ ’ਚ ਆਵੇਗੀ, ਤਾਂ ਉਹ ਇਸ ਨੂੰ ਦੁਨੀਆ ਦਾ ਸਭ ਤੋਂ ਖੁਸ਼ਹਾਲ ਸ਼ਹਿਰ ਬਣਾਵੇਗੀ।

ਕੇਜਰੀਵਾਲ ਦੇ ਆਸਾਮ ਦੌਰੇ ਦੀਆਂ ਖਬਰਾਂ ’ਤੇ ਸਰਮਾ ਨੇ ਕਿਹਾ, ‘‘ਮੈਨੂੰ ਦੁੱਖ ਹੈ ਕਿ ਤੁਹਾਡੇ ਮਨ ’ਚ ਅਸਾਮ ਆਉਣ ਦੀ ਇੱਛਾ ਉਦੋਂ ਪੈਦਾ ਨਹੀਂ ਹੋਈ ਜਦੋਂ ਆਸਾਮ ਦੇ ਲੋਕ ਹੜ੍ਹ ਵਰਗੀਆਂ ਆਫਤਾਂ ਨਾਲ ਜੂਝ ਰਹੇ ਸਨ।’’ ਉਨ੍ਹਾਂ ਕਿਹਾ, ‘‘ਅਤੇ ਹਾਂ, ਤੁਹਾਡੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਆਸਾਮ ਤੋਂ ਸੱਦਾ ਭੇਜਿਆ ਗਿਆ ਹੈ।’’

ਦੋਵਾਂ ਮੁੱਖ ਮੰਤਰੀਆਂ ਵਿਚਾਲੇ ਟਵਿੱਟਰ ਜੰਗ ਐਤਵਾਰ ਨੂੰ ਵੀ ਜਾਰੀ ਰਹੀ। ਆਮ ਆਦਮੀ ਪਾਰਟੀ ਦੇ ਮੁਖੀ ਨੇ ਸਰਮਾ ਨੂੰ ਕਿਹਾ, ‘‘ਤੁਸੀਂ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ, ਮੈਂ ਤੁਹਾਡੇ ਸਕੂਲ ਕਦੋਂ ਦੇਖਣ ਆਵਾਂ? ਜੇ ਤੁਹਾਡੇ ਸਕੂਲ ਚੰਗੇ ਨਹੀਂ ਹਨ ਤਾਂ ਕੋਈ ਗੱਲ ਨਹੀਂ, ਮਿਲ ਕੇ ਠੀਕ ਕਰਾਂਗੇ ਨਾ।’’ ਇਕ ਹੋਰ ਟਵੀਟ ’ਚ ਕੇਜਰੀਵਾਲ ਨੇ ਕਿਹਾ, ‘‘ਯਕੀਨ ਮੰਨੋ, ਜਦੋਂ ਆਸਾਮ ’ਚ ‘ਆਪ’ ਦੀ ਸਰਕਾਰ ਬਣੇਗੀ ਤਾਂ ਉੱਥੇ ਵੀ ਦਿੱਲੀ ਵਰਗਾ ਵਿਕਾਸ ਕਰਾਂਗੇ। ਭ੍ਰਿਸ਼ਟਾਚਾਰ ਖਤਮ ਕਰਾਂਗੇ ਤਾਂ ਉੱਥੇ ਵੀ ਸਾਧਨਾਂ ਦੀ ਕਮੀ ਨਹੀਂ ਹੋਵੇਗੀ।’’


Tanu

Content Editor

Related News