ਕੇਜਰੀਵਾਲ ਸਰਕਾਰ ਦਾ ਤੋਹਫਾ, ਗਰੀਬ ਵਿਦਿਆਰਥੀਆਂ ਨੂੰ ਮਿਲੇਗੀ 100 ਫੀਸਦੀ ਸਕਾਲਰਸ਼ਿਪ
Sunday, Jun 23, 2019 - 01:26 AM (IST)

ਨਵੀਂ ਦਿੱਲੀ: ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਵਿਦਿਆਰਥੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਐਲਾਨ ਕੀਤਾ ਹੈ ਕਿ ਜਿਹੜੇ ਪਰਿਵਾਰ ਦੀ ਸਾਲਾਨਾ ਆਮਦਨ ਇਕ ਲੱਖ ਤੋਂ ਘੱਟ ਹੈ, ਉਨ੍ਹਾਂ ਨੂੰ ਫੀਸ ਦੀ 100 ਫੀਸਦੀ ਸਕਾਲਰਸ਼ਿਪ ਮਿਲੇਗੀ। ਭਾਵ ਅਜਿਹੇ ਲੋਕ ਜਿੰਨੀ ਫੀਸ ਜਮ੍ਹਾ ਕਰਾਉਣਗੇ, ਉਨ੍ਹਾਂ ਨੂੰ ਓਨੇ ਰੁਪਏ ਸਕਾਲਰਸ਼ਿਪ ਵਜੋਂ ਵਾਪਸ ਮਿਲ ਜਾਣਗੇ। ਜਿਹੜੇ ਵਿਦਿਆਰਥੀਆਂ ਦੇ ਪਰਿਵਾਰ ਦੀ ਸਾਲਾਨਾ ਆਮਦਨ ਇਕ ਲੱਖ ਰੁਪਏ ਤੋਂ ਢਾਈ ਲੱਖ ਰੁਪਏ ਹੈ, ਉਨ੍ਹਾਂ ਨੂੰ ਫੀਸ ਦੀ 50 ਫੀਸਦੀ ਰਕਮ ਸਕਾਲਰਸ਼ਿਪ ਵਜੋਂ ਵਾਪਸ ਮਿਲੇਗੀ।
ਇਸ ਤੋਂ ਇਲਾਵਾ ਜਿਹੜੇ ਪਰਿਵਾਰ ਦੀ ਸਾਲਾਨਾ ਅਮਦਨ ਢਾਈ ਲੱਖ ਰੁਪਏ ਤੋਂ 6 ਲੱਖ ਰੁਪਏ ਤੱਕ ਹੈ, ਉਨ੍ਹਾਂ ਨੂੰ 25 ਫੀਸਦੀ ਧਨ ਰਾਸ਼ੀ ਸਕਾਲਰਸ਼ਿਪ ਵਜੋਂ ਮਿਲੇਗੀ। ਇਸ ਤੋਂ ਇਲਾਵਾ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਸੀ. ਬੀ. ਐੱਸ. ਈ. ਦੀ ਫੀਸ ਨਹੀਂ ਦੇਣੀ ਪਵੇਗੀ। ਅਜੇ ਤੱਕ ਵਿਦਿਆਰਥੀਆਂ ਨੂੰ 1500 ਰੁਪਏ ਸੀ. ਬੀ. ਐੱਸ. ਈ. ਦੀ ਫੀਸ ਦੇਣੀ ਪੈਂਦੀ ਸੀ। ਦਿੱਲੀ ਦੇ ਤਿਆਗ ਰਾਜ ਸਟੇਡੀਅਮ ਵਿਚ 12ਵੀਂ ਜਮਾਤ ਵਿਚ ਟਾਪ ਕਰਨ ਵਾਲੇ ਵਿਦਿਆਰਥੀਆਂ ਦੇ ਸਨਮਾਨ ਸਮਾਰੋਹ ਦੌਰਾਨ ਸਿਸੋਦੀਆ ਨੇ ਇਹ ਐਲਾਨ ਕੀਤਾ।