ਮੁੜ ਖੋਲ੍ਹਿਆ ਗਿਆ ਕੇਦਾਰਨਾਥ ਪੈਦਲ ਮਾਰਗ ! 3 ਦਿਨ ਬਾਅਦ ਯਾਤਰਾ ਬਹਾਲ
Wednesday, Sep 16, 2026 - 03:38 PM (IST)
ਨੈਸ਼ਨਲ ਡੈਸਕ- ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ’ਚ ਕੇਦਾਰਨਾਥ ਪੈਦਲ ਮਾਰਗ ’ਤੇ ਜ਼ਮੀਨ ਖਿਸਕਣ ਕਾਰਨ 3 ਦਿਨ ਤੋਂ ਰੁਕੀ ਕੇਦਾਰਨਾਥ ਯਾਤਰਾ ਮੰਗਲਵਾਰ ਨੂੰ ਬਹਾਲ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਮਾਨਸੂਨ ਦੌਰਾਨ ਬੰਦ ਕੀਤੀ ਗਈ ਕੇਦਾਰਨਾਥ ਲਈ ਹੈਲੀਕਾਪਟਰ ਸੇਵਾ ਵੀ ਮੰਗਲਵਾਰ ਤੋਂ ਸ਼ੁਰੂ ਕਰ ਦਿੱਤੀ ਗਈ। ਗੌਰੀਕੁੰਡ-ਕੇਦਾਰਨਾਥ ਪੈਦਲ ਮਾਰਗ ’ਤੇ ਚੀੜਵਾਸਾ ਹੈਲੀਪੈਡ ਨੇੜੇ ਐਤਵਾਰ ਨੂੰ ਪੱਥਰ ਡਿੱਗਣ ਕਾਰਨ ਮਾਰਗ ਨੁਕਸਾਨਿਆ ਗਿਆ ਸੀ, ਜਿਸ ਤੋਂ ਬਾਅਦ ਕੇਦਾਰਨਾਥ ਯਾਤਰਾ ਰੋਕ ਦਿੱਤੀ ਗਈ ਸੀ।
ਯਾਤਰਾ ਬਹਾਲ ਹੋਣ ਤੋਂ ਪਹਿਲਾਂ ਕੇਦਾਰਨਾਥ ਧਾਮ ਤੋਂ ਦਰਸ਼ਨ ਕਰ ਕੇ ਪਰਤ ਰਹੇ 7,350 ਸ਼ਰਧਾਲੂਆਂ ਨੂੰ ਬਚਾਅ ਦਲਾਂ ਦੀ ਨਿਗਰਾਨੀ ਹੇਠ ਜ਼ਮੀਨ ਖਿਸਕਣ ਵਾਲੇ ਪ੍ਰਭਾਵਿਤ ਖੇਤਰ ਤੋਂ ਸੁਰੱਖਿਅਤ ਕੱਢਿਆ ਗਿਆ। ਪੁਲਸ ਨੇ ਦੱਸਿਆ ਕਿ ਗੌਰੀਕੁੰਡ ਤੋਂ ਕਰੀਬ ਢਾਈ ਕਿਲੋਮੀਟਰ ਉੱਪਰ ਚੀੜਵਾਸਾ ਹੈਲੀਪੈਡ ਨੇੜੇ ਪੈਦਲ ਮਾਰਗ ’ਤੇ ਜਮ੍ਹਾਂ ਮਲਬੇ ਅਤੇ ਪੱਥਰਾਂ ਨੂੰ ਹਟਾਉਣ ਦਾ ਕੰਮ ਜੰਗੀ ਪੱਧਰ ’ਤੇ ਕੀਤਾ ਗਿਆ। ਪੁਲਸ ਮੁਤਾਬਕ ਦੁਪਹਿਰ ਵੇਲੇ ਮਾਰਗ ਨੂੰ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ।
