ਮਲੇਸ਼ੀਆ ''ਚ ਮੁੜ ਖੋਲ੍ਹਿਆ ਗਿਆ 125 ਸਾਲ ਪੁਰਾਣਾ ''ਵੱਡਾ ਗੁਰਦੁਆਰਾ ਸਾਹਿਬ''

Monday, Sep 14, 2026 - 12:18 PM (IST)

ਮਲੇਸ਼ੀਆ ''ਚ ਮੁੜ ਖੋਲ੍ਹਿਆ ਗਿਆ 125 ਸਾਲ ਪੁਰਾਣਾ ''ਵੱਡਾ ਗੁਰਦੁਆਰਾ ਸਾਹਿਬ''

ਇੰਟਰਨੈਸ਼ਨਲ ਡੈਸਕ- ਮਲੇਸ਼ੀਆ ਤੋਂ ਸਿੱਖ ਸੰਗਤਾਂ ਲਈ ਇਕ ਖੁਸ਼ਖਬਰੀ ਸਾਹਮਣੇ ਆਈ ਹੈ, ਜਿੱਥੋਂ ਦੇ ਪੇਨਾਂਗ ਸੂਬੇ 'ਚ ਸਥਿਤ 125 ਸਾਲ ਪੁਰਾਣਾ ਇਤਿਹਾਸਕ 'ਵੱਡਾ ਗੁਰਦੁਆਰਾ ਸਾਹਿਬ' ਵਿਸ਼ੇਸ਼ ਸੇਵਾ-ਸੰਭਾਲ ਅਤੇ ਨਵੀਨੀਕਰਨ ਤੋਂ ਬਾਅਦ ਆਪਣੀ ਮੂਲ ਪੁਰਾਤਨ ਦਿੱਖ 'ਚ ਸੰਗਤਾਂ ਲਈ ਮੁੜ ਖੋਲ੍ਹ ਦਿੱਤਾ ਗਿਆ ਹੈ। ਇਸ ਗੁਰੂ ਘਰ ਦੀ ਸਥਾਪਨਾ ਦੀ 125ਵੀਂ ਵਰ੍ਹੇਗੰਢ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਧਾਰਮਿਕ ਸਮਾਗਮਾਂ ਦਾ ਆਯੋਜਨ ਕੀਤਾ ਗਿਆ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੰਮ੍ਰਿਤ ਵੇਲੇ ਸੁਖਾਸਨ ਅਸਥਾਨ ਤੋਂ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਪਾਵਨ ਸਰੂਪ ਨੂੰ ਦਰਬਾਰ ਸਾਹਿਬ ਵਿਖੇ ਸੁਸ਼ੋਭਿਤ ਕੀਤਾ ਅਤੇ ਪ੍ਰਕਾਸ਼ ਕਰ ਕੇ ਮੁੱਖ ਵਾਕ ਲਿਆ। ਇਹ ਸਮਾਗਮ ਪੇਨਾਂਗ ਦੇ ਡਿਪਟੀ ਮੁੱਖ ਮੰਤਰੀ ਜਗਦੀਪ ਸਿੰਘ ਦਿਓ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਸੱਦੇ 'ਤੇ ਆਯੋਜਿਤ ਕੀਤਾ ਗਿਆ ਸੀ।

ਇਹ ਵੀ ਪੜ੍ਹੋ- PM ਮੋਦੀ ਨੇ ਚੀਨ ਨੂੰ ਸੌਂਪੀ BRICS 2027 ਦੀ ਪ੍ਰਧਾਨਗੀ ! ਮੇਜ਼ਬਾਨੀ ਲਈ ਦਿੱਤੀਆਂ ਸ਼ੁਭਕਾਮਨਾਵਾਂ

1901 ਵਿੱਚ ਸਥਾਪਿਤ ਇਹ ਗੁਰਦੁਆਰਾ ਸਾਹਿਬ ਮਲੇਸ਼ੀਆ 'ਚ ਸਿੱਖਾਂ ਦੇ 100 ਸਾਲ ਤੋਂ ਵੀ ਵੱਧ ਪੁਰਾਣੇ ਇਤਿਹਾਸ ਅਤੇ ਯੋਗਦਾਨ ਦਾ ਪ੍ਰਤੀਕ ਹੈ। ਮਾਹਿਰਾਂ ਦੀ ਦੇਖਰੇਖ ਹੇਠ ਗੁਰੂ ਘਰ ਦੀ ਮੂਲ ਇਮਾਰਤਸਾਜ਼ੀ ਅਤੇ ਵਿਰਾਸਤੀ ਦਿੱਖ ਨੂੰ ਬਿਨਾਂ ਛੇੜਛਾੜ ਕੀਤੇ ਬਹਾਲ ਕੀਤਾ ਗਿਆ ਹੈ।

ਗੁਰਦੁਆਰਾ ਸਾਹਿਬ ਦੇ ਵਿਹੜੇ 'ਚ ਆਯੋਜਿਤ ਵਿਸ਼ੇਸ਼ ਸਮਾਗਮ 'ਚ ਮਲੇਸ਼ੀਆ ਦੇ ਫੈਡਰਲ ਮੰਤਰੀ ਸਟੀਵਨ ਸਿਮ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਮਲੇਸ਼ੀਆ 'ਚ ਭਾਰਤ ਦੇ ਹਾਈ ਕਮਿਸ਼ਨਰ ਸੋਮਨਾਥ ਘੋਸ਼ ਅਤੇ ਸੰਸਦ ਮੈਂਬਰ ਰਾਮਕਰਪਾਲ ਸਿੰਘ ਦਿਓ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।

ਇਸ ਮੌਕੇ ਜਥੇਦਾਰ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਕਿ ਉਹ ਨਵੀਂ ਪੀੜ੍ਹੀ ਅਤੇ ਬੱਚਿਆਂ ਨੂੰ ਗੁਰਮੁਖੀ ਪੰਜਾਬੀ ਸਿਖਾਉਣ ਲਈ ਵਿਸ਼ੇਸ਼ ਉਪਰਾਲੇ ਕਰਨ, ਤਾਂ ਜੋ ਉਹ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਜੁੜੇ ਰਹਿਣ। ਉਨ੍ਹਾਂ ਜ਼ਿਕਰ ਕੀਤਾ ਕਿ ਮਲੇਸ਼ੀਆ ਦੀ ਆਜ਼ਾਦੀ 'ਚ ਜਾਨਾਂ ਵਾਰਨ ਵਾਲੇ ਸਿੱਖ ਸ਼ਹੀਦਾਂ ਦੇ ਨਾਂ ਕੁਆਲਾਲੰਪੁਰ ਦੇ ਰਾਸ਼ਟਰੀ ਸਮਾਰਕ 'ਤੇ ਉਕਰੇ ਹੋਏ ਹਨ।

ਉਨ੍ਹਾਂ ਮਲੇਸ਼ੀਆ ਦੀ ਸਿੱਖ ਸੰਗਤ ਨੂੰ ਆਪਣੇ ਮੂਲ ਪੰਜਾਬ ਨਾਲ ਸਾਂਝ ਬਣਾਈ ਰੱਖਣ ਅਤੇ ਬੱਚਿਆਂ ਨੂੰ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਪ੍ਰੇਰਿਤ ਕੀਤਾ। ਨਾਲ ਹੀ ਰੁਜ਼ਗਾਰ ਲਈ ਮਲੇਸ਼ੀਆ ਆਉਣ ਵਾਲੇ ਪੰਜਾਬੀ ਨੌਜਵਾਨਾਂ ਦੀ ਮਦਦ ਕਰਨ ਦਾ ਸੱਦਾ ਦਿੱਤਾ।

ਇਹ ਵੀ ਪੜ੍ਹੋ- ਇਤਿਹਾਸ ਦੇ ਸਭ ਤੋਂ ਵੱਡੇ ਊਰਜਾ ਸੰਕਟ ਦਾ ਮੰਡਰਾ ਰਿਹੈ ਖ਼ਤਰਾ ! ਬੁਰੀ ਤਰ੍ਹਾਂ ਹਿੱਲ ਗਈ ਪੂਰੀ ਦੁਨੀਆ ਦੀ ਸਪਲਾਈ ਚੇਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News