2 ਗਲੌਕ ਪਿਸਤੌਲ, 4 ਜ਼ਿੰਦਾ ਰੌਂਦ ਤੇ 50 ਗ੍ਰਾਮ ਹੈਰੋਇਨ ਸਮੇਤ 3 ਤਸਕਰ ਕਾਬੂ

Saturday, Sep 12, 2026 - 04:40 PM (IST)

2 ਗਲੌਕ ਪਿਸਤੌਲ, 4 ਜ਼ਿੰਦਾ ਰੌਂਦ ਤੇ 50 ਗ੍ਰਾਮ ਹੈਰੋਇਨ ਸਮੇਤ 3 ਤਸਕਰ ਕਾਬੂ

ਫ਼ਾਜ਼ਿਲਕਾ (ਨਾਗਪਾਲ, ਲੀਲਾਧਰ) : ਥਾਣਾ ਸਦਰ ਫ਼ਾਜ਼ਿਲਕਾ ਪੁਲਸ ਨੇ ਤਿੰਨ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਗੈਰ-ਕਾਨੂੰਨੀ ਹਥਿਆਰ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਗਗਨ ਅਜੀਤ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਫ਼ਾਜ਼ਿਲਕਾ ਦੀ ਪੁਲਸ ਪਾਰਟੀ ਗਸ਼ਤ ਦੌਰਾਨ ਫ਼ਾਜ਼ਿਲਕਾ-ਫ਼ਿਰੋਜ਼ਪੁਰ ਰੋਡ ’ਤੇ ਮੌਜੂਦ ਸੀ। ਇਸ ਦੌਰਾਨ ਐੱਚ. ਪੀ. ਪੈਟਰੋਲ ਪੰਪ ਦੇ ਨੇੜੇ ਤਿੰਨ ਨੌਜਵਾਨ ਇਕ ਮੋਟਰਸਾਈਕਲ ਕੋਲ ਖੜ੍ਹੇ ਦਿਖਾਈ ਦਿੱਤੇ, ਜੋ ਪੁਲਸ ਪਾਰਟੀ ਨੂੰ ਦੇਖ ਕੇ ਮੋਟਰਸਾਈਕਲ ਸਟਾਰਟ ਕਰ ਕੇ ਭੱਜਣ ਲੱਗੇ। ਪੁਲਸ ਪਾਰਟੀ ਨੇ ਸ਼ੱਕ ਦੇ ਆਧਾਰ ’ਤੇ ਉਨ੍ਹਾਂ ਨੂੰ ਕਾਬੂ ਕਰ ਕੇ ਜਦੋਂ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 2 ਗਲੌਕ ਪਿਸਤੌਲ (ਮੈਗਜ਼ੀਨ ਸਮੇਤ), 4 ਜ਼ਿੰਦਾ ਰੌਂਦ ਅਤੇ 50 ਗ੍ਰਾਮ ਹੈਰੋਇਨ ਬਰਾਮਦ ਹੋਈ।
ਉਨ੍ਹਾਂ ਦੱਸਿਆ ਕਿ ਫੜ੍ਹੇ ਗਏ ਤਸਕਰਾਂ ਦੀ ਪਛਾਣ ਰਵਿੰਦਰ ਸਿੰਘ ਉਰਫ਼ ਰਵੀ ਵਾਸੀ ਮਾਛੀਵਾੜਾ ਥਾਣਾ ਸਦਰ ਫ਼ਿਰੋਜ਼ਪੁਰ, ਰਣਜੀਤ ਸਿੰਘ ਉਰਫ਼ ਜੀਤਾ ਅਤੇ ਨਿਸ਼ਾਨ ਸਿੰਘ ਉਰਫ਼ ਧਾਮੂ ਦੋਵੇਂ ਵਾਸੀ ਬਾਰੇ ਕੇ ਥਾਣਾ ਸਦਰ ਫ਼ਿਰੋਜ਼ਪੁਰ ਵਜੋਂ ਹੋਈ ਹੈ। ਉਕਤ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਫ਼ਾਜ਼ਿਲਕਾ ਵਿਖੇ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਮੁਲਜ਼ਮਾਂ ਵੱਲੋਂ ਉਕਤ ਗੈਰ-ਕਾਨੂੰਨੀ ਹਥਿਆਰ 4 ਸਤੰਬਰ ਨੂੰ ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਏ ਗਏ ਸਨ। ਤਫ਼ਤੀਸ਼ ਦੌਰਾਨ ਨੈੱਟਵਰਕ ਦੀਆਂ ਪਿਛਲੀਆਂ ਅਤੇ ਅਗਲੀਆਂ ਕੜੀਆਂ ਦਾ ਪਤਾ ਲਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਗੈਰ-ਕਾਨੂੰਨੀ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਨਾਲ ਜੁੜੇ ਹੋਰ ਵਿਅਕਤੀਆਂ ਅਤੇ ਵਿਦੇਸ਼ ਆਧਾਰਿਤ ਆਪਰੇਟਰਾਂ ਦੀ ਪਛਾਣ ਕਰਨ ਲਈ ਵੀ ਜਾਂਚ ਕੀਤੀ ਜਾ ਰਹੀ ਹੈ।


author

Babita

Content Editor

Related News