ਬਨੂੜ-ਤੇਪਲਾ ਕੌਮੀ ਮਾਰਗ ਦੀ ਖ਼ਸਤਾ ਹਾਲਤ ਤੋਂ ਲੋਕ ਪ੍ਰੇਸ਼ਾਨ, ਰੋਜ਼ਾਨਾ ਵਾਪਰ ਰਹੇ ਹਾਦਸੇ
Saturday, Sep 12, 2026 - 05:19 PM (IST)
ਬਨੂੜ (ਗੁਰਪਾਲ) : ਬਨੂੜ ਤੋਂ ਤੇਪਲਾ ਨੂੰ ਜਾਂਦੇ ਕੌਮੀ ਮਾਰਗ ਦੀ ਖ਼ਸਤਾ ਹਾਲਤ ਕਾਰਨ ਆਮ ਲੋਕ ਅਤੇ ਰਾਹਗੀਰ ਬਹੁਤ ਪ੍ਰੇਸ਼ਾਨ ਹਨ। ਸ਼ੰਭੂ ਬੈਰੀਅਰ ਤੋਂ ਪੰਜਾਬ ਦਾ ਮੁੱਖ ਦੁਆਰ ਮੰਨੀ ਜਾਂਦੀ ਇਸ ਸੜਕ ਦੀ ਪਿਛਲੇ ਕਈ ਸਾਲਾਂ ਤੋਂ ਮੁਰੰਮਤ ਨਾ ਹੋਣ ਕਾਰਨ ਸੜਕ ਵਿਚਾਲੇ ਡੂੰਘੇ ਖੱਡੇ ਪੈ ਚੁੱਕੇ ਹਨ, ਜਦਕਿ ਦੋਵੇਂ ਪਾਸੇ ਫੈਲੀਆਂ ਕਿੱਕਰਾਂ ਦੀਆਂ ਟਾਹਣੀਆਂ ਰੋਜ਼ਾਨਾ ਭਿਆਨਕ ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ। ਬਨੂੜ ਤੋਂ ਤੇਪਲਾ ਸ਼ੰਭੂ ਬੈਰੀਅਰ ਤੱਕ ਕਰੀਬ 17 ਕਿਲੋਮੀਟਰ ਦੇ ਇਸ ਟੋਟੇ ’ਚ ਦਰਜਨ ਤੋਂ ਵੱਧ ਪਿੰਡ ਪੈਂਦੇ ਹਨ। ਮਾਰਗ ’ਤੇ ਵੱਡੇ-ਵੱਡੇ ਗੁਦਾਮ ਹੋਣ ਅਤੇ ਕਾਫ਼ੀ ਹਿੱਸਾ ਰੈੱਡ ਜ਼ੋਨ ’ਚ ਆਉਣ ਕਾਰਨ ਇੱਥੇ ਦਿਨ-ਰਾਤ ਭਾਰੀ ਆਵਾਜਾਈ ਰਹਿੰਦੀ ਹੈ। ਪ੍ਰਾਈਵੇਟ ਸੰਸਥਾਵਾਂ ’ਚ ਕੰਮ ਕਰਦੇ ਮਜ਼ਦੂਰ ਦੋਪਹੀਆ ਵਾਹਨਾਂ ਅਤੇ ਸਾਈਕਲਾਂ ’ਤੇ ਆਉਂਦੇ-ਜਾਂਦੇ ਹਨ, ਜੋ ਟੋਇਆਂ ਤੋਂ ਬਚਣ ਦੀ ਕੋਸ਼ਿਸ਼ ’ਚ ਤੇਜ਼ ਰਫ਼ਤਾਰ ਵਾਹਨਾਂ ਦੀ ਲਪੇਟ ’ਚ ਆ ਜਾਂਦੇ ਹਨ।
ਪਿੰਡ ਖਾਸਪੁਰ ਦੇ ਗੁਰਦਰਸ਼ਨ ਸਿੰਘ, ਨੰਬਰਦਾਰ ਸਤਨਾਮ ਸਿੰਘ ਖਲੋਰ, ਇੰਦਰਜੀਤ ਸਿੰਘ, ਗੁਰਮੇਜਰ ਸਿੰਘ ਖੇੜੀ ਗੁਰਨਾ, ਨੰਬਰਦਾਰ ਅਵਤਾਰ ਸਿੰਘ ਚੰਗੇਰਾ, ਨੰਬਰਦਾਰ ਜਸਪਾਲ ਸਿੰਘ ਬਾਂਸਮਾ, ਰਸ਼ਪਾਲ ਸਿੰਘ ਬੂਟਾ ਸਿੰਘ ਵਾਲਾ, ਹਰਦਿੱਤ ਸਿੰਘ ਧਰਮਗੜ੍ਹ ਅਤੇ ਸਲੀਮ ਭੱਟੋ ਬਨੂੜ ਆਦਿ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਕਈ ਥਾਵਾਂ ’ਤੇ ਦੋ-ਦੋ ਫੁੱਟ ਡੂੰਘੇ ਖੱਡੇ ਪਏ ਹੋਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਜੰਗਲਾਤ ਵਿਭਾਗ ਅਤੇ ਲੋਕ ਨਿਰਮਾਣ ਵਿਭਾਗ ਟਾਹਣੀਆਂ ਕੱਟਣ ਦੀ ਜ਼ਿੰਮੇਵਾਰੀ ਇਕ-ਦੂਜੇ ’ਤੇ ਸੁੱਟ ਕੇ ਪੱਲਾ ਝਾੜ ਰਹੇ ਹਨ। ਇਲਾਕਾ ਨਿਵਾਸੀਆਂ ਨੇ ਜ਼ਿਲਾ ਮੋਹਾਲੀ ਅਤੇ ਪਟਿਆਲਾ ਦੇ ਉੱਚ ਅਧਿਕਾਰੀਆਂ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੋਹਾਲੀ-ਪਟਿਆਲਾ ਖੇਤਰ ’ਚ ਪੈਂਦੀ ਇਸ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਅਤੇ ਕਿੱਕਰਾਂ ਦੀਆਂ ਟਾਹਣੀਆਂ ਕਟਵਾ ਕੇ ਆਵਾਜਾਈ ਸੁਚਾਰੂ ਕੀਤੀ ਜਾਵੇ।
