ਦਿੱਲੀ ਦੰਗੇ ਭੜਕਾਉਣ ਪਿੱਛੇ ਸੀ ਇਸ ISIS ਜੋੜੇ ਦਾ ਹੱਥ, ਵੱਡੇ ਹਮਲੇ ਦੀ ਚਲ ਰਹੀ ਸੀ ਤਿਆਰੀ

03/09/2020 11:36:00 AM

ਨਵੀਂ ਦਿੱਲੀ/ਜੰਮੂ— ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ. ਐੱਸ. ਆਈ. ਐੱਸ.) ਨਾਲ ਸੰਬੰਧ ਰੱਖਣ ਦੇ ਦੋਸ਼ 'ਚ ਦਿੱਲੀ ਦੇ ਜਾਮੀਆ ਨਗਰ ਦੇ ਓਖਲਾ ਇਲਾਕੇ ਤੋਂ ਇਕ ਕਸ਼ਮੀਰੀ ਜੋੜੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜੋੜੇ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਵਿਰੋਧੀ ਦੰਗੇ ਭੜਕਾਉਣ ਦੇ ਦੋਸ਼ 'ਚ ਦੱਖਣੀ ਦਿੱਲੀ ਦੇ ਜਾਮੀਆ ਨਗਰ ਤੋਂ ਐਤਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਪੁਲਸ ਨੇ ਦਿੱਤੀ। ਪੁਲਸ ਡਿਪਟੀ ਕਮਿਸ਼ਨਰ (ਵਿਸ਼ੇਸ਼ ਇਕਾਈ) ਪ੍ਰਮੋਦ ਸਿੰਘ ਕੁਸ਼ਵਾਹ ਨੇ ਦੱਸਿਆ ਕਿ ਦੋਹਾਂ ਦੀ ਪਛਾਣ ਜਹਾਨਜੇਬ ਸਾਮੀ (36) ਅਤੇ ਉਸ ਦੀ ਪਤਨੀ ਹੀਨਾ ਬਸ਼ੀਰ ਬੇਗ (39) ਦੇ ਤੌਰ 'ਤੇ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜੋੜਾ ਸ਼੍ਰੀਨਗਰ ਦਾ ਰਹਿਣ ਵਾਲਾ ਹੈ ਅਤੇ ਦਿੱਲੀ ਦੇ ਜਾਮੀਆ ਨਗਰ 'ਚ ਰਹਿ ਰਹੇ ਸਨ। 

ਇਹ ਵੀ ਪੜ੍ਹੋ : ਦਿੱਲੀ ਹਿੰਸਾ ਦੌਰਾਨ ਗੋਲੀ ਚਲਾਉਣ ਵਾਲਾ ਦੋਸ਼ੀ ਸ਼ਾਹਰੁਖ ਗ੍ਰਿਫਤਾਰ

ਕੁਸ਼ਵਾਹ ਨੇ ਇਹ ਵੀ ਕਿਹਾ ਕਿ ਇਸਲਾਮਿਕ ਸਟੇਟ ਦੀ ਨਫਰਤ ਦੀ ਵਿਚਾਰਧਾਰਾ ਨੂੰ ਹੱਲਾ-ਸ਼ੇਰੀ ਦਿੰਦੇ ਹੋਏ ਇਹ ਦੋਵੇਂ ਮੁਸਲਮਾਨਾਂ ਨੂੰ ਸਰਕਾਰ ਵਿਰੁੱਧ ਹਿੰਸਕ ਸੰਘਰਸ਼ ਲਈ ਉਕਸਾ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਦੋਵੇਂ ਸੀ. ਏ. ਏ. ਵਿਰੁੱਧ ਦੰਗੇ ਭੜਕਾਉਣ 'ਚ ਵੀ ਸ਼ਾਮਲ ਸਨ। ਕੁਸ਼ਵਾਹ ਨੇ ਕਿਹਾ ਕਿ ਪੁੱਛ-ਗਿੱਛ 'ਚ ਪਤਾ ਲੱਗਾ ਹੈ ਕਿ ਉਨ੍ਹਾਂ ਨੇ ਪਾਬੰਦੀਸ਼ੁਦਾ ਆਈ. ਐੱਸ. ਆਈ. ਐੱਸ. ਦੀ ਵਿਚਾਰਧਾਰਾ ਨੂੰ ਹੱਲਾ-ਸ਼ੇਰੀ ਦੇਣ ਲਈ ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਆਦਿ 'ਤੇ ਕਈ ਫਰਜ਼ੀ ਅਕਾਊਂਟਸ ਬਣਾਏ ਸਨ। ਅਧਿਕਾਰੀ ਨੇ ਕਿਹਾ ਕਿ ਉਹ ਸਰਕਾਰ ਵਲੋਂ ਨਾਗਰਿਕਤਾ ਸੋਧ ਕਾਨੂੰਨ ਲਾਗੂ ਕਰਨ ਵਿਰੁੱਧ ਵੀ ਸਮੱਗਰੀ ਪ੍ਰਸਾਰਿਤ ਕਰ ਰਹੇ ਸਨ। ਅੱਤਵਾਦੀਆਂ ਦੇ ਅਕਾਵਾਂ ਨੇ ਇਨ੍ਹਾਂ ਨੂੰ ਨੌਜਵਾਨਾਂ ਦੀ ਭਰਤੀ ਕਰਨ ਦਾ ਜ਼ਿੰਮਾ ਵੀ ਦਿੱਤਾ ਸੀ। ਉਨ੍ਹਾਂ ਦੇ ਘਰ 'ਚੋਂ 4 ਮੋਬਾਈਲ ਫੋਨ, ਇਕ ਲੈਪਟਾਪ, ਇਕ ਐਕਸਟਰਨਲ ਹਾਰਡਡਿਸਕ ਅਤੇ ਹੋਰ ਸਮੱਗਰੀ ਜ਼ਬਤ ਕੀਤੀ ਗਈ ਹੈ। ਉਨ੍ਹਾਂ ਵਿਰੁੱਧ ਇਕ ਮਾਮਲਾ ਦਰਜ ਕਰ ਲਿਆ ਗਿਆ ਹੈ। ਵੱਖ-ਵੱਖ ਜਾਂਚ ਅਤੇ ਖੁਫੀਆ ਏਜੰਸੀਆਂ ਪੁੱਛ-ਗਿੱਛ ਕਰ ਰਹੀਆਂ ਹਨ। ਪੁੱਛ-ਗਿੱਛ 'ਚ ਕਈ ਨਵੇਂ ਖੁਲਾਸੇ ਹੋਣ ਦੀ ਉਮੀਦ ਹੈ। ਦੱਸਣਯੋਗ ਹੈ ਕਿ ਦਿੱਲੀ 'ਚ ਫਰਵਰੀ 2020 ਨੂੰ ਸੀ. ਏ. ਏ. ਵਿਰੁੱਧ ਦੰਗੇ ਭੜਕੇ ਸਨ, ਜਿਸ 'ਚ 40 ਤੋਂ ਵਧੇਰੇ ਲੋਕਾਂ ਦੀ ਜਾਨ ਚਲੀ ਗਈ ਅਤੇ 200 ਤੋਂ ਵਧੇਰੇ ਲੋਕ ਜ਼ਖਮੀ ਹੋਏ ਸਨ।

 


Tanu

Content Editor

Related News