ਕਸ਼ਮੀਰੀ ਕਲਾਕਾਰ 'ਪੇਪਰ ਮਾਚੇ' ਤਕਨੀਕ ਨਾਲ ਬਣਾ ਰਿਹੈ ਸ਼੍ਰੀਨਗਰ ਦਾ ਨਕਸ਼ਾ, ਸੰਸਦ 'ਚ ਪ੍ਰਦਰਸ਼ਿਤ ਕਰਨ ਦੀ ਇੱਛਾ
Wednesday, Aug 04, 2021 - 11:17 AM (IST)
ਸ਼੍ਰੀਨਗਰ- ਕਸ਼ਮੀਰੀ 'ਪੇਪਰ ਮਾਚੇ' ਕਲਾਕਾਰ ਮਕਬੂਲ ਜਾਨ ਸ਼੍ਰੀਨਗਰ ਖੇਤਰ ਦਾ ਇਕ ਪੁਰਾਣਾ ਨਕਸ਼ਾ ਬਣਾ ਰਹੇ ਹਨ, ਜਿਸ ਨੂੰ ਉਹ ਭਾਰਤੀ ਸੰਸਦ 'ਚ ਪ੍ਰਦਰਸ਼ਿਤ ਕਰਨਾ ਚਾਹੁੰਦੇ ਹਨ। ਪੁਰਸਕਾਰ ਜੇਤੂ ਕਲਾਕਾਰ ਮਕਬੂਲ ਆਪਣੀ 'ਪੇਪਰ ਮਾਚੇ' ਕਲਾਕ੍ਰਿਤੀਆਂ ਲਈ ਪ੍ਰਸਿੱਧ ਹਨ। ਇਹ ਇਕ ਕਲਾ ਰੂਪ ਹੈ, ਜੋ ਨਾ ਸਿਰਫ਼ ਕਸ਼ਮੀਰ 'ਚ ਲੋਕਪ੍ਰਿਯ ਹੈ, ਸਗੋਂ ਦੁਨੀਆ ਭਰ 'ਚ ਇਸ ਦੀ ਭਾਰੀ ਮੰਗ ਹੈ। ਮਕਬੂਲ ਹੁਣ 'ਪੇਪਰ ਮਾਚੇ' ਤਕਨੀਕ ਦੀ ਵਰਤੋਂ ਕਰ ਕੇ ਇਕ ਕੱਪੜੇ 'ਤੇ ਸ਼੍ਰੀਨਗਰ ਦਾ ਪੁਰਾਣਾ ਨਕਸ਼ਾ ਬਣਾ ਰਹੇ ਹਨ। ਮਕਬੂਲ ਨੇ ਕਿਹਾ,''ਮੈਂ ਇਸ ਨਕਸ਼ੇ ਨੂੰ ਇਕ ਕਿਤਾਬ 'ਚ ਦੇਖਿਆ ਅਤੇ ਹੁਣ ਮੈਂ ਇਸ ਨੂੰ ਇਕ ਕੱਪੜੇ 'ਤੇ ਬਣਾ ਰਿਹਾ ਹਾਂ। ਮੈਨੂੰ ਕੱਪੜੇ 'ਤੇ ਪੇਂਟਿੰਗ ਕਰਦੇ ਹੋਏ 20 ਸਾਲ ਹੋ ਗਏ ਹਨ। ਮੇਰਾ ਮਕਸਦ ਇਸ ਕਲਾ 'ਚ ਨੌਜਵਾਨਾਂ ਲਈ ਰੁਜ਼ਗਾਰ ਦਾ ਰਾਹ ਪੱਕਾ ਕਰਨਾ ਹੈ। ਸੈਲਾਨੀ ਆਉਣਗੇ ਅਤੇ ਇਸ ਕਲਾ ਨੂੰ ਕਲਾਕਾਰਾਂ ਤੋਂ ਖਰੀਦਣਗੇ।''
ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਕੋਰੋਨਾ ਕਾਰਨ ਨੌਕਰੀ ਗਈ ਤਾਂ ਲੋਕਾਂ ਨੇ ਸ਼ੁਰੂ ਕੀਤੀ ਜੈਵਿਕ ਖੇਤੀ, ਆਮਦਨੀ ਵਧੀ
ਉਨ੍ਹਾਂ ਕਿਹਾ ਕਿ ਉਹ ਆਪਣੇ ਨਕਸ਼ੇ ਦੇ ਮਾਧਿਅਮ ਨਾਲ ਖੇਤਰ ਦੀ ਪੁਰਾਣੀ ਸੁੰਦਰਤਾ ਦਿਖਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ,''ਡਲ ਝੀਲ ਵਿਸ਼ਵ ਪ੍ਰਸਿੱਧ ਹੈ। ਇੱਥੇ ਆਉਣ ਵਾਲਾ ਹਰ ਸੈਲਾਨੀ ਝੀਲ ਨੂੰ ਦੇਖਣ ਦੀ ਇੱਛਾ ਜ਼ਾਹਰ ਕਰਦਾ ਹੈ। ਝੀਲ ਸੁੰਦਰ ਸੀ ਅਤੇ ਪਾਣੀ ਪੀਣ ਲਈ ਇਸਤੇਮਾਲ ਕੀਤਾ ਜਾ ਸਕਦਾ ਸੀ। ਸਾਨੂੰ ਜੋ ਵਿਰਾਸਤ 'ਚ ਮਿਲਿਆ ਹੈ, ਉਸ ਨੂੰ ਜਿਊਂਦੇ ਰੱਖਣ 'ਤੇ ਧਿਆਨ ਦੇਣਾ ਹੋਵੇਗਾ। ਮੈਂ ਦਿਖਾਉਣਾ ਚਾਹੁੰਦਾ ਹਾਂ ਕਿ ਡਲ ਝੀਲ ਅਤੇ ਝੇਲਮ ਕਿਸ ਤਰ੍ਹਾਂ ਦੀਆਂ ਹੁੰਦੀਆਂ ਸਨ। ਪੁਰਾਣੇ ਦਿਨਾਂ 'ਚ ਸਾਡਾ ਖੇਤਰ, ਇਸ ਦੇ ਮੰਦਰ, ਮਸਜਿਦ ਅਤੇ ਜਲ ਸਰੋਤ ਕਿਵੇਂ ਦਿੱਸਦੇ ਸਨ।''
ਇਹ ਵੀ ਪੜ੍ਹੋ : ਜੰਮੂ ਕਸ਼ਮੀਰ ਪੁਲਸ ਨੇ 10 ਵਾਂਟੇਡ ਅੱਤਵਾਦੀਆਂ ਦੀ ਸੂਚੀ ਕੀਤੀ ਜਾਰੀ
ਮਕਬੂਲ ਇਕ ਸਾਲ ਤੋਂ ਨਕਸ਼ੇ 'ਤੇ ਕੰਮ ਕਰ ਰਹੇ ਹਨ ਅਤੇ ਇਸ ਨੂੰ ਪੂਰਾ ਕਰਨ 'ਚ 1-2 ਮਹੀਨੇ ਹੋਰ ਲੱਗਣਗੇ। ਮਕਬੂਲ ਚਾਹੁੰਦੇ ਹਨ ਕਿ ਨਕਸ਼ਾ ਸੰਸਦ 'ਚ ਦਿਖਾਇਆ ਜਾਵੇ। ਉਨ੍ਹਾਂ ਕਿਹਾ,''ਮੇਰੀ ਇੱਛਾ ਹੈ ਕਿ ਇਹ ਨਕਸ਼ਾ ਸੰਸਦ 'ਚ ਪ੍ਰਦਰਸ਼ਿਤ ਕੀਤਾ ਜਾਵੇ, ਕਿਉਂਕਿ ਕਸ਼ਮੀਰ ਖੇਤਰ 'ਤੇ ਬਹੁਤ ਸਾਰੇ ਫ਼ੈਸਲੇ ਉੱਥੋਂ ਆਉਂਦੇ ਹਨ। ਇਹ ਨਕਸ਼ਾ ਉਨ੍ਹਾਂ ਨੂੰ ਸਵਰਗ ਦੀ ਯਾਦ ਦਿਵਾਏਗਾ ਕਿ ਸਾਡਾ ਕਸ਼ਮੀਰ ਹੈ, ਉਨ੍ਹਾਂ ਨੂੰ ਇਸ ਖੇਤਰ ਅਤੇ ਇਸ ਦੀ ਸੰਸਕ੍ਰਿਤੀ ਦੀ ਯਾਦ ਦਿਵਾਈ ਜਾਵੇਗੀ। ਇਹ ਕਲਾਕਾਰਾਂ ਅਤੇ ਸੈਲਾਨੀਆਂ ਨੂੰ ਉਤਸ਼ਾਹ ਦੇਵੇਗਾ ਅਤੇ ਨਵੀਂ ਪੀੜ੍ਹੀ ਨੂੰ ਕਸ਼ਮੀਰ ਦੀ ਬਿਹਤਰੀ 'ਚ ਸ਼ਾਮਲ ਹੋਣ ਯੋਗ ਬਣਾਏਗਾ।''
ਕੀ ਹੁੰਦੀ ਹੈ 'ਪੇਪਰ ਮਾਚੇ' ਤਕਨੀਕ
ਕਾਗਜ਼, ਗੋਂਦ, ਆਟੇ ਆਦਿ ਦਾ ਮਿਸ਼ਰਨ ਹੁੰਦਾ ਹੈ, ਜਿਸ ਨਾਲ ਸਜਾਵਟੀ ਸਮਾਨ ਤਿਆਰ ਕੀਤੇ ਜਾਂਦੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ