ਬਰਫ ਨੇ ਕਲਾਵੇ 'ਚ ਲਏ ਕਸ਼ਮੀਰ, ਹਿਮਾਚਲ ਤੇ ਉੱਤਰਾਖੰਡ (ਵੀਡੀਓ)

Tuesday, Jan 22, 2019 - 03:14 PM (IST)

ਸ਼੍ਰੀਨਗਰ/ਦੇਹਰਾਦੂਨ— ਮੈਦਾਨੀ ਇਲਾਕਿਆਂ ਵਿਚ ਬਾਰਸ਼ ਅਤੇ ਪਹਾੜਾਂ 'ਤੇ ਹੋ ਰਹੀ ਭਾਰੀ ਬਰਫਬਾਰੀ ਕਾਰਨ ਠੰਡ ਵਧ ਗਈ ਹੈ। ਪਹਾੜੀ ਇਲਾਕੇ ਬਰਫ ਦੀ ਸਫੈਦ ਚਾਦਰ ਨਾਲ ਢੱਕੇ ਗਏ ਹਨ। ਸੜਕਾਂ, ਘਰ, ਦਰੱਖਤ ਬਰਫ ਨਾਲ ਢੱਕੇ ਨਜ਼ਰ ਆ ਰਹੇ ਹਨ। ਪੂਰੇ ਉੱਤਰ ਭਾਰਤ ਵਿਚ ਜਾਂਦੇ-ਜਾਂਦੇ ਠੰਡ ਨੇ ਇਕ ਵਾਰ ਫਿਰ ਲੋਕਾਂ ਨੂੰ ਕੰਬਣੀ ਛੇੜ ਦਿੱਤੀ ਹੈ। ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿਚ ਇਸ ਸਮੇਂ ਭਾਰੀ ਬਰਫਬਾਰੀ ਹੋ ਰਹੀ ਹੈ।

PunjabKesari

ਰਸਤੇ ਬੰਦ ਹੋ ਗਏ ਹਨ। ਭਾਰੀ ਬਰਫਬਾਰੀ ਕਾਰਨ ਲੋਕਾਂ ਨੂੰ ਆਉਣ-ਜਾਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰੀ ਬਰਫਬਾਰੀ ਕਾਰਨ ਪਹਾੜਾਂ ਦਾ ਨਜ਼ਾਰਾ ਬੇਹੱਦ ਦਿਲ ਖਿੱਚਵਾਂ ਹੋ ਗਿਆ ਹੈ। 

PunjabKesari

ਉੱਤਰਾਖੰਡ ਵਿਚ ਖਰਾਬ ਮੌਸਮ ਕਾਰਨ 3 ਜ਼ਿਲਿਆਂ ਦੇਹਰਾਦੂਨ, ਹਰੀਦੁਆਰ ਅਤੇ ਉਧਮਸਿੰਘ ਵਿਚ ਮੰਗਲਵਾਰ ਨੂੰ ਸਕੂਲ-ਕਾਲਜ ਬੰਦ ਹਨ ਅਤੇ ਹਿਮਾਚਲ ਪ੍ਰਦੇਸ਼ ਵਿਚ 36 ਘੰਟੇ ਭਾਰੀ ਬਰਫਬਾਰੀ ਦੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ। ਦੇਹਰਾਦੂਨ, ਉੱਤਰਾਕਾਸ਼ੀ, ਚਮੋਲੀ, ਰੁਦਰਪ੍ਰਯਾਗ, ਨੈਨੀਤਾਲ ਅਤੇ ਪਿਥੌਰਾਗੜ੍ਹ ਦੇ ਮੈਦਾਨੀ ਇਲਾਕਿਆਂ ਵਿਚ ਭਾਰੀ ਬਾਰਸ਼ ਦੀ ਸੰਭਾਵਨਾ ਹੈ। 

PunjabKesari


ਉੱਥੇ ਹੀ ਕਸ਼ਮੀਰ 'ਚ ਸੋਮਵਾਰ ਤੋਂ ਬਾਅਦ ਮੰਗਲਵਾਰ ਨੂੰ ਵੀ ਭਾਰੀ ਬਰਫਬਾਰੀ ਹੋਈ ਹੈ। ਬਰਫਬਾਰੀ ਕਾਰਨ ਰਾਜੌਰੀ ਵਿਚ ਮੁਗਲ ਰੋਡ 'ਤੇ ਸਫੈਦ ਬਰਫ ਦੀ ਚਾਦਰ ਵਿਛ ਗਈ ਹੈ। ਇਸ ਵਜ੍ਹਾ ਕਰ ਕੇ ਆਵਾਜਾਈ ਠੱਪ ਹੋ ਗਈ ਹੈ। ਫਿਲਹਾਲ ਰਸਤਿਆਂ ਤੋਂ ਬਰਫ ਸਾਫ ਕੀਤੀ ਜਾ ਰਹੀ ਹੈ।

PunjabKesari

ਆਵਾਜਾਈ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ 270 ਕਿਲੋਮੀਟਰ ਲੰਬੇ ਹਾਈਵੇਅ 'ਤੇ ਕਸ਼ਮੀਰ ਦੇ ਪ੍ਰਵੇਸ਼ ਦੁਆਰ ਜਵਾਹਰ ਸੁਰੰਗ 'ਤੇ ਕਰੀਬ ਦੋ ਫੁੱਟ ਤਕ ਬਰਫਬਾਰੀ ਹੋਈ, ਜਿਸ ਕਾਰਨ ਅਧਿਕਾਰੀਆਂ ਨੂੰ ਮਜਬੂਰਨ ਇਸ ਮੁੱਖ ਮਾਰਗ ਨੂੰ ਆਵਾਜਾਈ ਲਈ ਬੰਦ ਕਰਨਾ ਪਿਆ।

PunjabKesari

ਅਧਿਕਾਰੀ ਨੇ ਦੱਸਿਆ ਕਿ ਆਵਾਜਾਈ ਲਈ ਹਾਈਵੇਅ ਦੇ ਜਲਦ ਖੁੱਲਣ ਦੀ ਸੰਭਾਵਨਾ ਬਹੁਤ ਘੱਟ ਹੈ, ਕਿਉਂਕਿ ਮੌਸਮ ਵਿਗਿਆਨੀਆਂ ਨੇ ਬੁੱਧਵਾਰ ਤਕ ਪੂਰੇ ਸੂਬੇ ਵਿਚ ਭਾਰੀ ਬਰਫਬਾਰੀ ਹੋਣ ਦਾ ਅਨੁਮਾਨ ਜ਼ਾਹਰ ਕੀਤਾ ਹੈ। ਖਰਾਬ ਮੌਸਮ ਕਾਰਨ ਹਵਾਈ ਯਾਤਰਾ 'ਤੇ ਵੀ ਅਸਰ ਪਿਆ ਹੈ।


author

Tanu

Content Editor

Related News