‘ਸਨਾਤਨਵਾਦੀਆਂ’ ਦੀ ਸੰਗਤ ਤੋਂ ਬਚੋ, ਸੰਘ ਪਰਿਵਾਰ ਤੋਂ ਸਾਵਧਾਨ ਰਹੋ : ਸਿੱਧਰਮਈਆ
Saturday, Oct 18, 2025 - 10:09 PM (IST)

ਮੈਸੂਰ, (ਭਾਸ਼ਾ)- ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਲੋਕਾਂ ਨੂੰ ‘ਸਨਾਤਨਵਾਦੀਆਂ’ ਦੀ ਸੰਗਤ ਤੋਂ ਬਚਣ ਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਪਰਿਵਾਰ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।
ਸ਼ਨੀਵਾਰ ਮੈਸੂਰ ਯੂਨੀਵਰਸਿਟੀ ਦੇ ਸਿਲਵਰ ਜੁਬਲੀ ਸਮਾਰੋਹਾਂ ਦਾ ਉਦਘਾਟਨ ਕਰਨ ਤੇ ਨਵੇਂ ਗਿਆਨ ਦਰਸ਼ਨ ਭਵਨ ਨੂੰ ਸਮਰਪਿਤ ਕਰਨ ਤੋਂ ਬਾਅਦ ਸਿੱਧਰਮਈਆ ਨੇ ਲੋਕਾਂ ਨੂੰ ਕਿਹਾ ਕਿ ਸੰਘ ਪਰਿਵਾਰ ਨੇ ਇਤਿਹਾਸਕ ਪੱਖੋਂ ਡਾ. ਭੀਮ ਰਾਓ ਅੰਬੇਡਕਰ ਤੇ ਉਨ੍ਹਾਂ ਵੱਲੋਂ ਤਿਆਰ ਕੀਤੇ ਗਏ ਸੰਵਿਧਾਨ ਦਾ ਵਿਰੋਧ ਕੀਤਾ ਹੈ। ਲੋਕ ਆਪਣੀ ਸੰਗਤ ਸਹੀ ਰੱਖਣ। ਉਨ੍ਹਾਂ ਨਾਲ ਜੁੜਨ ਜੋ ਸਮਾਜ ਲਈ ਖੜ੍ਹੇ ਹਨ ਨਾ ਕਿ ਉਨ੍ਹਾਂ ਨਾਲ ਜੋ ਸਮਾਜਿਕ ਤਬਦੀਲੀ ਦਾ ਵਿਰੋਧ ਕਰਦੇ ਹਨ ਜਾਂ ਜੋ ‘ਸਨਾਤਨਵਾਦੀਆਂ’ ਨਾਲ ਹਨ।
ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਬੀ. ਆਰ. ਗਵਈ ’ਤੇ ਜੁੱਤੀ ਸੁੱਟੇ ਜਾਣ ਦੀ ਘਟਨਾ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਕ ਸਨਾਤਨ ਵੱਲੋਂ ਚੀਫ਼ ਜਸਟਿਸ 'ਤੇ ਜੁੱਤੀ ਸੁੱਟਣਾ ਦਰਸਾਉਂਦਾ ਹੈ ਕਿ ਰੂੜੀਵਾਦੀ ਅਤੇ ਕੱਟੜਪੰਥੀ ਅਨਸਰ ਅਜੇ ਵੀ ਸਮਾਜ ’ਚ ਮੌਜੂਦ ਹਨ। ਇਸ ਕਾਰਵਾਈ ਦੀ ਨਾ ਸਿਰਫ਼ ਦਲਿਤਾਂ ਸਗੋਂ ਹਰ ਕਿਸੇ ਵੱਲੋਂ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਤਦ ਹੀ ਅਸੀਂ ਕਹਿ ਸਕਾਂਗੇ ਹਾਂ ਕਿ ਸਮਾਜ ਤਬਦੀਲੀ ਦੇ ਰਾਹ ’ਤੇ ਅੱਗੇ ਵਧ ਰਿਹਾ ਹੈ।
ਸਿੱਧਰਮਈਆ ਨੇ ਇਹ ਵੀ ਦੋਸ਼ ਲਾਇਆ ਕਿ ਆਰ. ਐੱਸ. ਐੱਸ. ਨੇ ਅੰਬੇਡਕਰ ਦੇ ਸੰਵਿਧਾਨ ਦਾ ਵਿਰੋਧ ਕੀਤਾ ਸੀ। ਹੁਣ ਵੀ ਉਸ ਵੱਲੋਂ ਅਜਿਹਾ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ। ਅੰਬੇਡਕਰ ਨੂੰ ਇਕ ਦੂਰਦਰਸ਼ੀ ਦੱਸਦੇ ਹੋਏ ਸਿੱਧਰਮਈਆ ਨੇ ਕਿਹਾ ਕਿ ਅੰਬੇਡਕਰ ਨੇ ਸਮਾਜ ਨੂੰ ਸਮਝਣ ਲਈ ਗਿਆਨ ਹਾਸਲ ਕੀਤਾ ਤੇ ਸਮਾਜ ਨੂੰ ਬਦਲਣ ਲਈ ਸਾਰੀ ਜ਼ਿੰਦਗੀ ਇਸ ਦੀ ਵਰਤੋਂ ਕੀਤੀ।