Headphones ਉਗਲ ਰਹੇ ਨੇ ਖ਼ਤਰਨਾਕ ਕੈਮਿਕਲ! ਦੇਰ ਤੱਕ ਵਰਤੋਂ ਤੋਂ ਪਹਿਲਾਂ ਹੋ ਜਾਓ ਸਾਵਧਾਨ
Wednesday, Feb 25, 2026 - 04:13 PM (IST)
ਨਵੀਂ ਦਿੱਲੀ: ਅੱਜ-ਕੱਲ੍ਹ ਦੇ ਦੌਰ ਵਿੱਚ ਮੋਬਾਈਲ ਅਤੇ ਲੈਪਟਾਪ ਦੇ ਨਾਲ ਹੈੱਡਫੋਨ ਸਾਡੀ ਰੋਜ਼ਾਨਾ ਦੀ ਜ਼ਰੂਰਤ ਬਣ ਗਏ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਤੁਹਾਡੀ ਸਿਹਤ ਲਈ ਖ਼ਤਰਨਾਕ ਸਾਬਤ ਹੋ ਸਕਦੇ ਹਨ? ਇੱਕ ਤਾਜ਼ਾ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਬਾਜ਼ਾਰ ਵਿੱਚ ਵਿਕਣ ਵਾਲੇ ਕਈ ਹੈੱਡਫੋਨਾਂ ਵਿੱਚ ਅਜਿਹੇ ਖ਼ਤਰਨਾਕ ਕੈਮੀਕਲ ਮਿਲੇ ਹਨ ਜੋ ਸਿਹਤ ਲਈ ਬਹੁਤ ਨੁਕਸਾਨਦੇਹ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਸਿਰਫ਼ ਸਸਤੇ ਹੀ ਨਹੀਂ, ਸਗੋਂ ਮਹਿੰਗੇ ਬ੍ਰਾਂਡਾਂ ਦੇ ਹੈੱਡਫੋਨ ਵੀ ਸੁਰੱਖਿਅਤ ਨਹੀਂ ਹਨ।
81 ਕਿਸਮ ਦੇ ਹੈੱਡਫੋਨਾਂ ਦੀ ਹੋਈ ਜਾਂਚ
ਯੂਰਪ ਦੀ ਸੰਸਥਾ 'ToxFree LIFE for All' ਵੱਲੋਂ ਕੀਤੀ ਗਈ ਇਸ ਖੋਜ 'ਚ 81 ਵੱਖ-ਵੱਖ ਤਰ੍ਹਾਂ ਦੇ ਹੈੱਡਫੋਨਾਂ ਦੀ ਜਾਂਚ ਕੀਤੀ ਗਈ। ਇਸ ਜਾਂਚ 'ਚ ਪਾਇਆ ਗਿਆ ਕਿ ਲਗਭਗ ਸਾਰੇ ਮਾਡਲਾਂ 'ਚ ਪਲਾਸਟਿਕ ਨੂੰ ਮਜ਼ਬੂਤ ਬਣਾਉਣ ਲਈ ਵਰਤੇ ਜਾਣ ਵਾਲੇ BPA ਤੇ BPS ਵਰਗੇ ਕੈਮੀਕਲ ਮੌਜੂਦ ਹਨ। ਇਹ ਕੈਮੀਕਲ ਲੰਬੇ ਸਮੇਂ ਤੱਕ ਚਮੜੀ ਦੇ ਸੰਪਰਕ 'ਚ ਰਹਿਣ ਕਾਰਨ ਸਰੀਰ 'ਚ ਜਾ ਸਕਦੇ ਹਨ।
ਸਿਹਤ 'ਤੇ ਪੈ ਸਕਦਾ ਹੈ ਬੁਰਾ ਅਸਰ
ਰਿਪੋਰਟ ਮੁਤਾਬਕ ਹੈੱਡਫੋਨ ਸਿੱਧੇ ਤੌਰ 'ਤੇ ਸਾਡੇ ਕੰਨਾਂ ਅਤੇ ਚਿਹਰੇ ਦੀ ਚਮੜੀ ਨੂੰ ਛੂਹਦੇ ਹਨ। ਗਰਮੀ ਅਤੇ ਪਸੀਨੇ ਕਾਰਨ ਇਹ ਕੈਮੀਕਲ ਹੌਲੀ-ਹੌਲੀ ਸਰੀਰ ਦੇ ਅੰਦਰ ਦਾਖਲ ਹੋ ਜਾਂਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਕੈਮੀਕਲ ਸਰੀਰ 'ਚ ਹਾਰਮੋਨਲ ਸੰਤੁਲਨ ਵਿਗਾੜ ਸਕਦੇ ਹਨ ਤੇ ਲੰਬੇ ਸਮੇਂ 'ਚ ਕਈ ਗੰਭੀਰ ਸਮੱਸਿਆਵਾਂ ਪੈਦਾ ਕਰ ਸਕਦੇ ਹਨ। ਖ਼ਾਸ ਕਰ ਕੇ ਬੱਚੇ ਤੇ ਨੌਜਵਾਨ, ਜੋ ਘੰਟਿਆਂ ਬੱਧੀ ਹੈੱਡਫੋਨ ਦੀ ਵਰਤੋਂ ਕਰਦੇ ਹਨ, ਉਨ੍ਹਾਂ ਲਈ ਇਹ ਵੱਡੀ ਚਿੰਤਾ ਦਾ ਵਿਸ਼ਾ ਹੈ।
ਬਚਾਅ ਲਈ ਕੀ ਕਰੀਏ?
ਮਾਹਿਰਾਂ ਨੇ ਵਰਤੋਂਕਾਰਾਂ ਨੂੰ ਕੁਝ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ। ਜਿਵੇਂ ਕਿ ਹੈੱਡਫੋਨ ਦੀ ਬਹੁਤ ਜ਼ਿਆਦਾ ਵਰਤੋਂ ਤੋਂ ਬਚੋ ਅਤੇ ਵਿਚਾਲੇ ਬ੍ਰੇਕ ਜ਼ਰੂਰ ਲਓ। ਜੇਕਰ ਸੰਭਵ ਹੋਵੇ ਤਾਂ ਹੈੱਡਫੋਨ ਦੀ ਜਗ੍ਹਾ ਸਪੀਕਰ ਦੀ ਵਰਤੋਂ ਕਰੋ। ਲਗਾਤਾਰ ਕਈ ਘੰਟੇ ਸੰਗੀਤ ਸੁਣਨ ਜਾਂ ਕੰਮ ਕਰਨ ਤੋਂ ਪਰਹੇਜ਼ ਕਰੋ।
ਕੰਪਨੀਆਂ ਅਤੇ ਸਰਕਾਰਾਂ ਲਈ ਚੁਣੌਤੀ
ਇਸ ਰਿਪੋਰਟ ਨੇ ਇਲੈਕਟ੍ਰਾਨਿਕ ਕੰਪਨੀਆਂ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਕੰਪਨੀਆਂ ਨੂੰ ਸਿਰਫ਼ ਆਵਾਜ਼ ਦੀ ਗੁਣਵੱਤਾ (Sound Quality) 'ਤੇ ਹੀ ਨਹੀਂ, ਸਗੋਂ ਵਰਤੋਂਕਾਰਾਂ ਦੀ ਸਿਹਤ ਸੁਰੱਖਿਆ 'ਤੇ ਵੀ ਧਿਆਨ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸਰਕਾਰਾਂ ਨੂੰ ਅਜਿਹੇ ਉਤਪਾਦਾਂ ਦੀ ਜਾਂਚ ਲਈ ਸਖ਼ਤ ਨਿਯਮ ਬਣਾਉਣ ਦੀ ਲੋੜ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
