ਕਰਨਾਟਕ ''ਚ 110 ਸਾਲਾ ਬਜ਼ੁਰਗ ਬੀਬੀ ਨੇ ਦਿੱਤੀ ਕੋਰੋਨਾ ਨੂੰ ਮਾਤ
Sunday, Aug 02, 2020 - 03:10 PM (IST)
ਚਿੱਤਰਦੁਰਗ- ਪੂਰੀ ਦੁਨੀਆ 'ਚ ਜਿੱਥੇ ਇਕ ਪਾਸੇ ਕੋਰੋਨਾ ਵਾਇਰਸ ਕਾਰਨ ਹਜ਼ਾਰਾਂ ਲੋਕਾਂ ਦੇ ਹਰ ਦਿਨ ਮੌਤ ਹੋ ਰਹੀ ਹੈ, ਉੱਥੇ ਹੀ ਕਰਨਾਟਕ ਦੇ ਚਿੱਤਰਦੁਰਗ ਜ਼ਿਲ੍ਹੇ ਦੀ 110 ਸਾਲਾ ਸਿਦੰਮਾ ਨੇ ਸਾਹਸ ਅਤੇ ਜਿਊਂਣ ਦੀ ਦ੍ਰਿੜ ਇੱਛਾ ਸ਼ਕਤੀ ਦੀ ਅਨੋਖੀ ਮਿਸਾਲ ਪੇਸ਼ ਕਰਦੇ ਹੋਏ ਕੋਰੋਨਾ ਵਾਇਰਸ ਨੂੰ ਮਾਤ ਦੇ ਦਿੱਤੀ ਹੈ। ਸਿਹਤ ਅਧਿਕਾਰੀਆਂ ਅਨੁਸਾਰ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਤੋਂ ਬਾਅਦ ਸਿਦੰਮਾ ਅਤੇ ਉਨ੍ਹਾਂ ਦੇ ਪਰਿਵਾਰ ਦੇ ਕੁਝ ਮੈਂਬਰਾਂ ਨੂੰ 27 ਜੁਲਾਈ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਸ਼ਨੀਵਾਰ ਰਾਤ ਨੂੰ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਠੀਕ ਹੋਣ ਤੋਂ ਬਾਅਦ ਡਾਕਟਰਾਂ ਅਤੇ ਸਿਹਤ ਕਰਮੀਆਂ ਦੀ ਟੀਮ ਨੇ ਸਿਦੰਮਾ ਨੂੰ ਵਧਾਈ ਦਿੱਤੀ। ਸਿਦੰਮਾ ਦੇ ਪਰਿਵਾਰ 'ਚ ਉਨ੍ਹਾਂ ਦੇ 5 ਬੱਚੇ, 17 ਪੋਤੇ-ਪੋਤੀਆਂ ਅਤੇ 22 ਪੜਪੋਤੇ-ਪੜਪੋਤੀਆਂ ਹਨ। ਹਸਪਤਾਲ ਤੋਂ ਛੁੱਟੀ ਦੇ ਸਮੇਂ ਜਦੋਂ ਸਿਦੰਮਾ ਤੋਂ ਪੁੱਛਿਆ ਗਿਆ ਕਿ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਤੋਂ ਬਾਅਦ ਉਨ੍ਹਾਂ ਨੂੰ ਡਰ ਲੱਗਾ ਸੀ ਕੀ, ਤਾਂ ਉਨ੍ਹਾਂ ਨੇ ਕਿਹਾ,''ਮੈਨੂੰ ਕਿਸੇ ਤੋਂ ਡਰ ਨਹੀਂ ਲੱਗਦਾ।''
ਉਨ੍ਹਾਂ ਨੇ ਹਸਪਤਾਲ 'ਚ ਮਿਲੇ ਇਲਾਜ ਅਤੇ ਭੋਜਨ ਨੂੰ ਲੈ ਕੇ ਸੰਤੋਸ਼ ਜ਼ਾਹਰ ਕੀਤਾ। ਜ਼ਿਲ੍ਹੇ ਦੇ ਸਰਜਨ ਬਸਵਰਾਜੂ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਸਰਕਾਰੀ ਹਸਪਤਾਲ ਲਈ ਬਹੁਤ ਹੀ ਮਾਣ ਅਤੇ ਸੰਤੋਸ਼ ਦੀ ਗੱਲ ਹੈ ਕਿ ਇੰਨੀ ਜ਼ਿਆਦਾ ਉਮਰ ਦੇ ਮਰੀਜ਼ ਵੀ ਕੋਰੋਨਾ ਵਾਇਰਸ ਤੋਂ ਠੀਕ ਹੋਈ ਹੈ। ਉਨ੍ਹਾਂ ਨੇ ਕਿਹਾ,''ਜਿੱਥੇ ਤੱਕ ਮੈਨੂੰ ਲੱਗਦਾ ਹੈ, 110 ਸਾਲ ਬੀਬੀ ਦਾ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਠੀਕ ਹੋਣਾ ਆਪਣੇ ਆਪ 'ਚ ਇਕ ਰਿਕਾਰਡ ਹੈ। ਸਿਦੰਮਾ ਇਕ ਪੁਲਸ ਮੁਲਾਜ਼ਮ ਦੀ ਮਾਂ ਹੈ ਅਤੇ ਪੁਲਸ ਕੁਆਰਟਰ 'ਚ ਰਹਿੰਦੀ ਹੈ।'' ਸਿਦੰਮਾ ਦੇ ਠੀਕ ਹੋਣ ਨਾਲ ਸਿਹਤ ਕਰਮੀਆਂ ਦੀ ਟੀਮ ਦਾ ਕੰਮ ਕਰਨ ਦਾ ਉਤਸ਼ਾਹ ਕਾਫ਼ੀ ਵੱਧ ਗਿਆ ਹੈ। ਉਨ੍ਹਾਂ ਤੋਂ ਪਹਿਲਾਂ ਵੀ ਇਕ 96 ਸਾਲਾ ਬੀਬੀ ਨੇ ਕੋਰੋਨਾ ਵਾਇਰਸ ਇਨਫੈਕਸ਼ਨ ਨੂੰ ਮਾਤ ਦਿੱਤੀ ਸੀ।