ਕਬੱਡੀ ਖੇਡਦਿਆਂ ਰੀੜ੍ਹ ਦੀ ਹੱਡੀ 'ਤੇ ਲੱਗੀ ਸੀ ਸੱਟ, ਇਕ ਮਹੀਨੇ ਦੇ ਇਲਾਜ ਮਗਰੋਂ ਨੌਜਵਾਨ ਖਿਡਾਰੀ ਦੀ ਮੌਤ
Thursday, Nov 17, 2022 - 01:10 PM (IST)
ਜਸ਼ਪੁਰ(ਭਾਸ਼ਾ)- ਛੱਤੀਸਗੜ੍ਹ ਦੇ ਜਸ਼ਪੁਰ ਜ਼ਿਲ੍ਹੇ ਵਿਚ ਛੱਤੀਸਗੜ੍ਹੀਆ ਓਲੰਪਿਕ ਖੇਡਾਂ ਦੌਰਾਨ ਜ਼ਖ਼ਮੀ ਹੋਏ ਖਿਡਾਰੀ ਦੀ ਇਕ ਮਹੀਨੇ ਤੱਕ ਇਲਾਜ ਤੋਂ ਬਾਅਦ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਫਰਸਾਬਹਾਰ ਇਲਾਕੇ ਦਾ ਰਹਿਣ ਵਾਲਾ ਸਮਾਰੂ ਕੇਰਕੇਟਾ (28)17 ਅਕਤੂਬਰ ਨੂੰ ਛੱਤੀਸਗੜ੍ਹ ਓਲੰਪਿਕ ਖੇਡਾਂ ਦੌਰਾਨ ਕਬੱਡੀ ਖੇਡਦੇ ਹੋਏ ਜ਼ਖ਼ਮੀ ਹੋ ਗਿਆ ਸੀ। ਸਮਾਰੂ ਨੂੰ ਇਲਾਜ ਲਈ ਰਾਏਗੜ੍ਹ ਦੇ ਜਿੰਦਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ ਪਰ ਬੁੱਧਵਾਰ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੇ ਸੂਬੇ ਵਿੱਚ ਰਵਾਇਤੀ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ 6 ਅਕਤੂਬਰ ਨੂੰ ਛੱਤੀਸਗੜ੍ਹੀਆ ਓਲੰਪਿਕ ਖੇਡਾਂ ਸ਼ੁਰੂ ਕੀਤੀਆਂ ਸਨ। ਇਹ ਖੇਡਾਂ 6 ਜਨਵਰੀ 2023 ਤੱਕ ਚੱਲਣਗੀਆਂ। ਕੇਰਕੇਟਾ ਨੇ ਵੀ ਇਸ ਖੇਡ ਵਿੱਚ ਹਿੱਸਾ ਲਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ 17 ਅਕਤੂਬਰ ਨੂੰ ਕਬੱਡੀ ਖੇਡਦੇ ਸਮੇਂ ਉਸ ਦੀ ਰੀੜ੍ਹ ਦੀ ਹੱਡੀ 'ਤੇ ਸੱਟ ਲੱਗ ਗਈ ਸੀ। ਘਟਨਾ ਤੋਂ ਬਾਅਦ ਕੇਰਕੇਟਾ ਨੂੰ ਤਪਕਾਰਾ ਦੇ ਪ੍ਰਾਇਮਰੀ ਹੈਲਥ ਸੈਂਟਰ ਲਿਜਾਇਆ ਗਿਆ, ਜਿੱਥੋਂ ਉਸ ਨੂੰ ਬਿਹਤਰ ਇਲਾਜ ਲਈ ਜਿੰਦਲ ਹਸਪਤਾਲ ਰਾਏਗੜ੍ਹ ਰੈਫਰ ਕਰ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਕਰੀਬ ਇੱਕ ਮਹੀਨੇ ਦੇ ਇਲਾਜ ਤੋਂ ਬਾਅਦ ਬੁੱਧਵਾਰ ਦੁਪਹਿਰ 1 ਵਜੇ ਕੇਰਕੇਟਾ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਕੇਰਕੇਟਾ ਦੀ ਲਾਸ਼ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਕੇਰਕੇਟਾ ਦੇ ਪਰਿਵਾਰ ਨੂੰ ਸਹਾਇਤਾ ਦੇਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਤੋਂ ਪਹਿਲਾਂ ਸੂਬੇ ਵਿੱਚ ਛੱਤੀਸਗੜ੍ਹ ਓਲੰਪਿਕ ਖੇਡਾਂ ਦੌਰਾਨ ਇੱਕ ਮਹਿਲਾ ਸਮੇਤ ਦੋ ਖਿਡਾਰੀਆਂ ਦੀ ਮੌਤ ਹੋ ਚੁੱਕੀ ਹੈ। ਅਧਿਕਾਰੀਆਂ ਮੁਤਾਬਕ 11 ਅਕਤੂਬਰ ਨੂੰ ਸੂਬੇ ਦੇ ਰਾਏਗੜ੍ਹ ਜ਼ਿਲੇ 'ਚ ਕਬੱਡੀ ਖੇਡਦੇ ਸਮੇਂ ਠੰਡਾਰਾਮ ਮਲਕਾਰ (32) ਦੀ ਮੌਤ ਹੋ ਗਈ ਸੀ। ਉਥੇ ਹੀ 15 ਅਕਤੂਬਰ ਨੂੰ ਕੋਂਡਗਾਓਂ ਦੀ ਰਹਿਣ ਵਾਲੀ ਸ਼ਾਂਤੀ ਮੰਡਵੀ ਦੀ ਕਬੱਡੀ ਖੇਡਦੇ ਸਮੇਂ ਮੌਤ ਹੋ ਗਈ ਸੀ।