ਜਿਸ ਦਾ ਕਦੇ ਸਿੰਧੀਆ ਦੀ ਪਤਨੀ ਨੇ ਉੱਡਾਇਆ ਸੀ ਮਜ਼ਾਕ, ਉਸੇ ਹੱਥੋਂ ਹਾਰੇ ਚੋਣ

Friday, May 24, 2019 - 11:39 AM (IST)

ਜਿਸ ਦਾ ਕਦੇ ਸਿੰਧੀਆ ਦੀ ਪਤਨੀ ਨੇ ਉੱਡਾਇਆ ਸੀ ਮਜ਼ਾਕ, ਉਸੇ ਹੱਥੋਂ ਹਾਰੇ ਚੋਣ

ਨਵੀਂ ਦਿੱਲੀ— ਲੋਕ ਸਭਾ ਚੋਣਾਂ 'ਚ ਇਕ ਵਾਰ ਫਿਰ ਦੇਸ਼ ਭਰ 'ਚ ਮੋਦੀ ਲਹਿਰ ਹੈ। ਭਾਰਤੀ ਜਨਤਾ ਪਾਰਟੀ ਨੇ ਰਿਕਾਰਡ ਸੀਟਾਂ ਨਾਲ ਜਿੱਤ ਦਰਜ ਕੀਤੀ। 2014 'ਚ 282 ਸੀਟਾਂ ਜਿੱਤਣ ਵਾਲੀਆਂ ਭਾਜਪਾ ਇਸ ਵਾਰ 300 ਦਾ ਅੰਕੜਾ ਪਾਰ ਕਰ ਗਈ। ਐੱਨ.ਡੀ.ਏ. ਦਾ ਅੰਕੜਾ 349 ਤੱਕ ਜਾ ਪਹੁੰਚਿਆ ਹੈ। 2019 ਦੀਆਂ ਲੋਕ ਸਭਾ ਚੋਣਾਂ 'ਚ ਕਈ ਦਿੱਗਜ ਨੇਤਾਵਾਂ ਦੀ ਹਾਰ ਹੋਈ। ਇਨ੍ਹਾਂ 'ਚ ਕਾਂਗਰਸ ਦੇ ਦਿੱਗਜ ਨੇਤਾ ਅਤੇ ਰਾਹੁਲ ਗਾਂਧੀ ਦੇ ਕਰੀਬੀ ਜੋਤੀਰਾਦਿੱਤਿਯ ਸਿੰਧੀਆ ਦੀ ਵੀ ਗੁਨਾ ਸੀਟ ਤੋਂ ਹਾਰ ਹੋਈ। ਉਨ੍ਹਾਂ ਨੂੰ ਭਾਜਪਾ ਦੇ ਕ੍ਰਿਸ਼ਨ ਪਾਲ ਯਾਦਵ ਨੇ ਇਕ ਲੱਖ ਤੋਂ ਵਧ ਵੋਟਾਂ ਨਾਲ ਹਰਾਇਆ। ਡਾਕਟਰ ਕ੍ਰਿਸ਼ਨ ਪਾਲ ਯਾਦਵ ਕਦੇ ਜੋਤੀਰਾਦਿੱਤਿਯ ਸਿੰਧੀਆ ਦੀ ਜਿੱਤ ਦੇ ਰਾਜਦਾਰ ਰਹੇ ਸਨ ਪਰ ਪਿਛਲੀਆਂ ਉੱਪ ਚੋਣਾਂ 'ਚ ਆਪਣੀ ਅਣਦੇਖੀ ਤੋਂ ਬਾਅਦ ਕਾਂਗਰਸ ਛੱਡ ਭਾਜਪਾ 'ਚ ਆਏ। 45 ਸਾਲ ਦੇ ਕ੍ਰਿਸ਼ਨ ਪਾਲ ਯਾਦਵ ਪੇਸ਼ੇ ਤੋਂ ਐੱਮ.ਬੀ.ਬੀ.ਐੱਸ. ਡਾਕਟਰ ਹਨ। ਉਨ੍ਹਾਂ ਦੇ ਪਿਤਾ ਅਸ਼ੋਕਨਗਰ 'ਚ ਕਾਂਗਰਸ ਦੇ ਜ਼ਿਲਾ ਪ੍ਰਧਾਨ ਰਹੇ ਹਨ। ਕੇ.ਪੀ. ਯਾਦਵ ਕਦੇ ਜੋਤੀਰਾਦਿੱਤਿਯ ਸਿੰਧੀਆ ਦੇ ਨਜ਼ਦੀਕੀ ਰਹੇ ਹਨ। ਸਿੰਧੀਆ ਦੀਆਂ ਚੋਣਾਂ ਦੀ ਤਿਆਰੀਆਂ ਨੂੰ ਉਹ ਚੰਗੀ ਤਰ੍ਹਾਂ ਦੇਖਦੇ ਸਨ।

4 ਵਾਰ ਚੋਣਾਂ ਜਿੱਤਣ ਵਾਲੇ ਜੋਤੀਰਾਦਿੱਤਿਯ ਨੂੰ ਹਰਾਇਆ
ਸਿਆਸੀ ਜਾਣਕਾਰਾਂ ਦਾ ਕਹਿਣਾ ਹੈ ਕਿ ਜੋਤੀਰਾਦਿੱਤਿਯ ਸਿੰਧੀਆ ਦੇ ਸਾਹਮਣੇ ਜਦੋਂ ਭਾਜਪਾ ਨੇ ਕੇ.ਪੀ. ਯਾਦਵ ਨੂੰ ਉਤਾਰਿਆ ਤਾਂ ਇਹ ਕਿਹਾ ਗਿਆ ਕਿ ਜੋਤੀਰਾਦਿੱਤਿਯ 23 ਮਈ ਨੂੰ ਆਸਾਨੀ ਨਾਲ ਜਿੱਤ ਹਾਸਲ ਕਰ ਲੈਣਗੇ, ਕਿਉਂਕਿ ਕੇ.ਪੀ. ਯਾਦਵ ਨੂੰ ਕਮਜ਼ੋਰ ਉਮੀਦਵਾਰ ਮੰਨਿਆ ਜਾ ਰਿਹਾ ਸੀ ਪਰ ਕ੍ਰਿਸ਼ਨ ਪਾਲ ਸਿੰਘ ਨੇ ਜੋਤੀਰਾਦਿੱਤਿਯ ਦੇ ਪਸੀਨੇ ਛੁਡਾ ਦਿੱਤੇ। ਗੁਨਾ ਲੋਕ ਸਭਾ ਸੀਟ ਜਿੱਥੋਂ ਵਿਜੇਰਾਜੇ ਸਿੰਧੀਆ 6 ਵਾਰ, ਮਾਧਵਰਾਵ ਸਿੰਧੀਆ 4 ਵਾਰ ਅਤੇ ਜੋਤੀਰਾਦਿੱਤਿਯ ਸਿੰਧੀਆ ਨੇ 4 ਵਾਰ ਚੋਣਾਂ ਜਿੱਤੀਆਂ, ਉੱਥੇ ਭਾਜਪਾ ਦੇ ਕ੍ਰਿਸ਼ਨ ਪਾਲ ਸਿੰਘ ਨੇ ਜਿੱਤ ਦਰਜ ਕਰ ਦਿੱਤੀ।

ਕੇ.ਪੀ. ਯਾਦਵ ਦਾ ਉੱਡਿਆ ਸੀ ਮਜ਼ਾਕ
ਕ੍ਰਿਸ਼ਨ ਪਾਲ ਸਿੰਘ ਨੂੰ ਲੈ ਕੇ ਇਕ ਸੈਲਫੀ ਦਾ ਕਿੱਸਾ ਵੀ ਕਾਫੀ ਮਸ਼ਹੂਰ ਹੈ। ਦੱਸਿਆ ਜਾਂਦਾ ਹੈ ਕਿ ਜੋਤੀਰਾਦਿੱਤਿਯ ਦੀ ਪਤਨੀ ਪ੍ਰਿਯਦਰਸ਼ਨੀ ਸਿੰਧੀਆ ਨੇ ਇਕ ਫੋਟੋ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਕਿਹਾ ਕਿ ਜੋ ਕਦੇ ਮਹਾਰਾਜ ਨਾਲ ਸੈਲਫੀ ਲੈਣ ਲਈ ਲਾਈਨ 'ਚ ਰਹਿੰਦੇ ਸਨ, ਉਨ੍ਹਾਂ ਨੂੰ ਭਾਜਪਾ ਨੇ ਆਪਣਾ ਉਮੀਦਵਾਰ ਚੁਣਿਆ ਹੈ ਪਰ ਪ੍ਰਿਯਦਰਸ਼ਨੀ ਦਾ ਇਹ ਮਜ਼ਾਕ ਭਾਰੀ ਪੈ ਗਿਆ, ਉਨ੍ਹਾਂ ਦੇ ਪਤੀ ਜੋਤੀਰਾਦਿੱਤਿਯ ਸਿੰਧੀਆ ਨੂੰ ਉਨ੍ਹਾਂ ਦੀ ਸੈਲਫੀ ਲੈਣ ਵਾਲੇ ਕੇ.ਪੀ. ਯਾਦਵ ਨੇ ਲੋਕ ਸਭਾ ਚੋਣਾਂ 'ਚ ਹਰਾਇਆ।


author

DIsha

Content Editor

Related News