ਮੋਟਰਸਾਈਕਲ ''ਤੇ ਜਾ ਰਿਹਾ ਸੀ ਪੱਤਰਕਾਰ, ਬਦਮਾਸ਼ਾਂ ਨੇ ਵਿਚਕਾਰ ਸੜਕ ''ਤੇ ਮਾਰੀ ਗੋਲੀ
Tuesday, Jul 21, 2020 - 03:12 PM (IST)
ਗਾਜ਼ੀਆਬਾਦ— ਉੱਤਰ ਪ੍ਰਦੇਸ਼ ਵਿਚ ਅਪਰਾਧਕ ਘਟਨਾਵਾਂ ਦਾ ਗਰਾਫ਼ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਆਏ ਦਿਨ ਇੱਥੇ ਕਈ ਅਪਰਾਧਕ ਘਟਨਾਵਾਂ ਸੁਣਨ ਜਾਂ ਪੜ੍ਹਨ 'ਚ ਮਿਲਦੀਆਂ ਹਨ। ਤਾਜ਼ਾ ਮਾਮਲਾ ਗਾਜ਼ੀਆਬਾਦ ਦਾ ਹੈ, ਇੱਥੋਂ ਦੇ ਵਿਜੇਨਗਰ ਥਾਣਾ ਖੇਤਰ ਦੇ ਪ੍ਰਤਾਪ ਵਿਹਾਰ ਇਲਾਕੇ ਵਿਚ ਸੋਮਵਾਰ ਦੇਰ ਰਾਤ ਕਰੀਬ 10.30 ਵਜੇ ਇਕ ਮੋਟਰਸਾਈਕਲ 'ਤੇ ਸਵਾਰ ਪੱਤਰਕਾਰ ਨੂੰ ਕੁਝ ਬਦਮਾਸ਼ਾਂ ਨੇ ਬੇਖ਼ੌਫ ਤਰੀਕੇ ਨਾਲ ਘੇਰ ਕੇ ਗੋਲੀ ਮਾਰੀ ਹੈ। ਇਹ ਸਾਰੀ ਘਟਨਾ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਜਿਸ 'ਚ ਪੱਤਰਕਾਰ ਆਪਣੀਆਂ ਦੋ ਧੀਆਂ ਨਾਲ ਸੜਕ ਤੋਂ ਲੰਘਦਾ ਨਜ਼ਰ ਆ ਰਿਹਾ ਹੈ।
ਪੱਤਰਕਾਰ ਨੂੰ ਗੋਲੀ ਇਸ ਲਈ ਮਾਰ ਦਿੱਤੀ ਗਈ, ਕਿਉਂਕਿ ਉਸ ਨੇ ਭਾਣਜੀ ਨਾਲ ਕੁਝ ਮੁੰਡਿਆਂ ਵਲੋਂ ਛੇੜਛਾੜ ਦੀ ਸ਼ਿਕਾਇਤ ਪੁਲਸ 'ਚ ਦਿੱਤੀ ਸੀ। ਇਸ ਤੋਂ ਨਾਰਾਜ਼ ਬਦਮਾਸ਼ਾਂ ਨੇ ਪੱਤਰਕਾਰ ਨੂੰ ਸੋਮਵਾਰ ਰਾਤ ਨੂੰ ਗੋਲੀ ਮਾਰ ਦਿੱਤੀ। ਪੱਤਰਕਾਰ ਦੀ ਹਾਲਤ ਗੰਭੀਰ ਹੈ ਅਤੇ ਉਸ ਨੂੰ ਇਕ ਪ੍ਰਾਈਵੇਟ ਹਸਪਤਾਲ 'ਚ ਦਾਖ਼ਲ ਕਰਵਾਇਆ ਗਾ ਹੈ। ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਤੋਂ ਸਾਫ ਹੈ ਕਿ ਪੁਲਸ ਦੀ ਢਿੱਲ-ਮਠ ਰਵੱਈਏ ਅਤੇ ਲਾਪਰਵਾਹੀ ਵਰਤਣ ਤੋਂ ਬਾਅਦ ਬਦਮਾਸ਼ਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਕਿ ਉਨ੍ਹਾਂ ਨੇ ਇਕ ਮੁੱਖ ਸੜਕ 'ਤੇ ਪੱਤਰਕਾਰ ਨੂੰ ਗੋਲੀ ਮਾਰ ਦਿੱਤੀ। ਗੋਲੀ ਬਹੁਤ ਨੇੜਿਓਂ ਅਤੇ ਪੱਤਰਕਾਰ ਦੇ ਸਿਰ 'ਚ ਮਾਰੀ ਗਈ, ਕਿਉਂਕਿ ਬਦਮਾਸ਼ ਨਹੀਂ ਚਾਹੁੰਦੇ ਸਨ ਕਿ ਪੱਤਰਕਾਰ ਜ਼ਿੰਦਾ ਰਹੇ।
ਜ਼ਖਮੀ ਪੱਤਰਕਾਰ ਗੋਲੀ ਲੱਗਣ ਤੋਂ ਬਾਅਦ ਜ਼ਮੀਨ 'ਤੇ ਡਿੱਗਦਾ ਹੈ। ਬਦਮਾਸ਼ਾਂ ਦੇ ਦੌੜਨ ਮਗਰੋਂ ਦੋਵੇਂ ਧੀਆਂ, ਪਿਤਾ ਕੋਲ ਪਹੁੰਚ ਕੇ ਲੋਕਾਂ ਤੋਂ ਮਦਦ ਦੀ ਗੁਹਾਰ ਲਾਉਂਦੀ ਹਨ। ਓਧਰ ਪੁਲਸ ਮੁਤਾਬਕ ਇਸ ਮਾਮਲੇ ਵਿਚ ਕੁਝ ਲੋਕਾਂ ਖ਼ਿਲਾਫ਼ ਨਾਮਜ਼ਦ ਰਿਪੋਰਟ ਜ਼ਖ਼ਮੀ ਪੱਤਰਕਾਰ ਦੇ ਪਰਿਵਾਰ ਵਾਲਿਆਂ ਨੇ ਦਰਜ ਕਰਵਾਈ ਸੀ, ਜਿਸ 'ਚੋਂ ਮੁੱਖ ਦੋਸ਼ੀ ਸਮੇਤ 5 ਬਦਮਾਸ਼ਾਂ ਨੂੰ ਗ੍ਰਿ੍ਰਫ਼ਤਾਰ ਕਰ ਲਿਆ ਗਿਆ ਹੈ। ਪੁਲਸ ਉਸ ਤੋਂ ਪੁੱਛ-ਗਿੱਛ ਕਰ ਰਹੀ ਹੈ, ਜਿਸ ਤੋਂ ਬਾਅਦ ਜਿਨ੍ਹਾਂ ਬਦਮਾਸ਼ਾਂ ਦੇ ਨਾਂ ਸਾਹਮਣੇ ਆਉਣਗੇ ਉਨ੍ਹਾਂ ਦੇ ਸਾਰੇ ਫਰਾਰ ਸਾਥੀਆਂ ਨੂੰ ਪੁਲਸ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜੇਗੀ।