ਉੱਤਰ ਪ੍ਰਦੇਸ਼ ''ਚ ਪੱਤਰਕਾਰ ਨੂੰ ਕੁੱਟਣ ਦੇ ਦੋਸ਼ ''ਚ 4 ਰੇਲਵੇ ਕਰਮਚਾਰੀਆਂ ''ਤੇ ਮਾਮਲਾ ਦਰਜ

Thursday, Jun 13, 2019 - 12:17 PM (IST)

ਉੱਤਰ ਪ੍ਰਦੇਸ਼ ''ਚ ਪੱਤਰਕਾਰ ਨੂੰ ਕੁੱਟਣ ਦੇ ਦੋਸ਼ ''ਚ 4 ਰੇਲਵੇ ਕਰਮਚਾਰੀਆਂ ''ਤੇ ਮਾਮਲਾ ਦਰਜ

ਮੁਜ਼ੱਫਰਨਗਰ— ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲੇ 'ਚ ਇਕ ਪੱਤਰਕਾਰ ਦੀ ਕੁੱਟਮਾਰ ਕਰਨ ਦੇ ਦੋਸ਼ 'ਚ ਇਕ ਥਾਣਾ ਇੰਚਾਰਜ ਸਮੇਤ 4 ਰੇਲਵੇ ਪੁਲਸ ਕਰਮਚਾਰੀਆਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਘਟਨਾ ਦਾ ਇਕ ਵੀਡੀਓ ਮੰਗਲਵਾਰ ਨੂੰ ਦੇਰ ਰਾਤ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ। ਇਸ ਵੀਡੀਓ 'ਚ ਸਾਦੇ ਕੱਪੜੇ ਪਾਏ ਦੋਸ਼ੀ ਪੁਲਸ ਕਰਮਚਾਰੀ ਟੈਲੀਵਿਜ਼ਨ ਪੱਤਰਕਾਰ ਅਮਿਤ ਸ਼ਰਮਾ ਨੂੰ ਵਾਰ-ਵਾਰ ਥੱਪੜ ਮਾਰਦੇ ਅਤੇ ਕੁੱਟਦੇ ਨਜ਼ਰ ਆ ਰਹੇ ਹਨ। ਬਾਅਦ 'ਚ, ਸਰਕਾਰੀ ਰੇਲਵੇ ਪੁਲਸ (ਜੀ.ਆਰ.ਪੀ.) ਦੇ ਕਰਮਚਾਰੀਆਂ ਨੇ ਪੱਤਰਕਾਰ ਨੂੰ ਹਿਰਾਸਤ 'ਚ ਲੈ ਲਿਆ।

ਜੀ.ਆਰ.ਪੀ. ਦੇ ਪੁਲਸ ਕਮਿਸ਼ਨਰ ਸੁਭਾਸ਼ ਚੰਦ ਦੁਬੇ ਨੇਦੱਸਿਆ ਕਿ ਪੁਲਸ ਨੇ ਬੁੱਧਵਾਰ ਨੂੰ ਥਾਣਾ ਇੰਚਾਰਜ ਰਾਕੇਸ਼ ਕੁਮਾਰ ਸਮੇਤ 4 ਕਰਮਚਾਰੀਆਂ ਵਿਰੁੱਧ ਭਾਰਤੀ ਸਜ਼ਾ ਜ਼ਾਬਤਾ (ਆਈ.ਪੀ.ਸੀ.) ਦੀਆਂ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਜੀ.ਆਰ.ਪੀ. ਦੇ 4 ਅਧਿਕਾਰੀਆਂ 'ਚੋਂ ਕੁਮਾਰ ਅਤੇ ਕਾਂਸਟੇਬਲ ਸੰਜੇ ਪਵਾਰ ਨੂੰ ਬੁੱਧਵਾਰ ਨੂੰ ਮੁਅੱਤਲ ਕਰ ਦਿੱਤਾ ਗਿਆ। ਸ਼ਾਮਲੀ 'ਚ ਇਕ ਮਾਲ ਗੱਡੀ ਦੇ ਪੱਟੜੀ ਤੋਂ ਉਤਰਨ ਤੋਂ ਬਾਅਦ ਘਟਨਾ ਨੂੰ ਕਵਰ ਕਰ ਰਹੇ ਸ਼ਰਮਾ ਨਾਲ ਪੁਲਸ ਕਰਮਚਾਰੀਆਂ ਦੀ ਬਹਿਸ ਹੋ ਗਈ, ਜਿਸ ਤੋਂ ਬਾਅਦ ਇਹ ਘਟਨਾ ਵਾਪਰੀ। ਸ਼ਰਮਾ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਜੀ.ਆਰ.ਪੀ. ਕਰਮਚਾਰੀਆਂ ਨੇ ਕੁੱਟਿਆ ਅਤੇ ਹਵਾਲਾਤ 'ਚ ਪਾ ਦਿੱਤਾ। ਇਸ ਘਟਨਾ ਤੋਂ ਬਾਅਦ ਪੱਤਰਕਾਰਾਂ ਨੇ ਬੁੱਧਵਾਰ ਨੂੰ ਸ਼ਾਮਲੀ 'ਚ ਧਰਨਾ ਦਿੱਤਾ ਅਤੇ ਵਿਰੋਧ ਪ੍ਰਦਰਸ਼ਨ ਕੀਤਾ।


author

DIsha

Content Editor

Related News