ਜੈਲਲਿਤਾ ਦੀ ਭਤੀਜੀ ਦੀਪਾ ਨੂੰ ਪੋਇਸ ਗਾਰਡਨ ਅਵਾਸ ਵਿਖੇ ਨਹੀਂ ਜਾਣ ਦਿੱਤਾ ਗਿਆ
Sunday, Jun 11, 2017 - 09:53 PM (IST)

ਚੇਨਈ— ਤਾਮਿਲਨਾਡੂ ਦੀ ਸਵਰਗੀ ਮੁੱਖ ਮੰਤਰੀ ਜੈਲਲਿਤਾ ਦੇ ਪੋਇਸ ਗਾਰਡਨ ਸਥਿਤ ਨਿਵਾਸ ਵਿਖੇ ਐਤਵਾਰ ਉਸ ਸਮੇਂ ਨਾਟਕੀ ਹਾਲਾਤ ਪੈਦਾ ਹੋ ਗਏ ਜਦੋਂ ਉੇਨ੍ਹਾਂ ਦੀ ਭਤੀਜੀ ਦੀਪਾ ਨੂੰ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਇਸ ਪਿੱਛੋਂ ਦੀਪਾ ਦੇ ਹਮਾਇਤੀਆਂ ਨੇ ਵਿਖਾਵਾ ਕੀਤਾ।
ਅਵਾਸ ਵਿਖੇ ਮੌਜੂਦ ਅੰਨਾ ਡੀ. ਐੱਮ. ਕੇ. (ਅੰਮਾ) ਗਰੁੱਪ ਦੇ ਸੂਤਰਾਂ ਨੇ ਦੱਸਿਆ ਕਿ ਦੀਪਾ ਬਿਨਾਂ ਕਿਸੇ ਪ੍ਰੋਗਰਾਮ ਦੇ ਆਈ ਸੀ ਅਤੇ ਆਪਣੀ ਸਵਰਗੀ ਚਾਚੀ ਦੀ ਤਸਵੀਰ 'ਤੇ ਮਾਲਾ ਚੜ੍ਹਾਉਣਾ ਚਾਹੁੰਦੀ ਸੀ ਜੋ ਉਕਤ ਨਿਵਾਸ ਦੇ ਵਰਾਂਡੇ ਵਿਚ ਹੈ। ਸ਼ੁਰੂ ਵਿਚ ਦੀਪਾ ਨੂੰ ਮਾਲਾ ਚੜ੍ਹਾਉਣ ਦੀ ਆਗਿਆ ਦਿੱਤੀ ਗਈ ਪਰ ਉਸ ਪਿੱਛੋਂ ਉਸ ਨੇ ਨਿਵਾਸ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਅਤੇ ਇਸ ਸੰਬੰਧੀ ਉਸ ਨੂੰ ਆਗਿਆ ਨਹੀਂ ਦਿੱਤੀ ਗਈ। ਜਦੋਂ ਦੀਪਾ ਉਥੇ ਪੁੱਜੀ ਤਾਂ ਉਸ ਦਾ ਭਰਾ ਉਥੇ ਮੌਜੂਦ ਸੀ। ਦੀਪਾ ਦੇ ਹਮਾਇਤੀਆਂ ਨੇ ਦੋਸ਼ ਲਾਇਆ ਕਿ ਅੰਨਾ ਡੀ. ਐੱਮ. ਕੇ. ਦੇ ਉਪ ਜਨਰਲ ਸਕੱਤਰ ਦਿਨਾਕਰਨ ਦੇ ਹਮਾਇਤੀਆਂ ਨੇ ਉਸ ਨੂੰ ਘਰ ਅੰਦਰ ਦਾਖਲ ਨਹੀਂ ਹੋਣ ਦਿੱਤਾ।