ਜੰਮੂ-ਕਸ਼ਮੀਰ: ਰਾਜੌਰੀ ’ਚ ਸੜਕ ਕਿਨਾਰੇ ਮਿਲੀ ਸ਼ੱਕੀ ਵਸਤੂ
Wednesday, Feb 17, 2021 - 02:50 PM (IST)
ਜੰਮੂ— ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿਚ ਬੁੱਧਵਾਰ ਯਾਨੀ ਕਿ ਅੱਜ ਜੰਮੂ-ਪੁੰਛ ਹਾਈਵੇਅ ’ਤੇ ਸੜਕ ਕਿਨਾਰੇ ਇਕ ਸ਼ੱਕੀ ਵਸਤੂ ਮਿਲੀ ਹੈ, ਜਿਸ ਦੇ ਆਈ. ਈ. ਡੀ. ਹੋਣ ਦਾ ਸ਼ੱਕ ਹੈ। ਜੰਮੂ-ਕਸ਼ਮੀਰ ਤੋਂ ਧਾਰਾ-370 ਹਟਣ ਮਗਰੋਂ 24 ਦੇਸ਼ਾਂ ਦੇ ਰਾਜਦੂਤ ਅੱਜ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਦੌਰੇ ’ਤੇ ਹਨ। ਇਸ ਅਹਿਮ ਦੌਰੇ ਦਰਮਿਆਨ ਜੰਮੂ-ਕਸ਼ਮੀਰ ਵਿਚ ਰਾਜੌਰੀ ਕੋਲ ਮੰਜਾਕੋਟ ’ਚ ਹਾਈਵੇਅ ’ਤੇ ਇਕ ਸ਼ੱਕੀ ਵਸਤੂ ਮਿਲਣ ਨਾਲ ਭਾਜੜਾਂ ਪੈ ਗਈਆਂ। ਸੁਰੱਖਿਆ ਫੋਰਸ ਦੇ ਜਵਾਨਾਂ ਨੂੰ ਜਿਵੇਂ ਹੀ ਹਾਈਵੇਅ ’ਤੇ ਸ਼ੱਕੀ ਵਸਤੂ ਮਿਲਣ ਦੀ ਖ਼ਬਰ ਮਿਲੀ, ਤੁਰੰਤ ਇਲਾਕੇ ਨੂੰ ਘੇਰ ਲਿਆ ਗਿਆ ਅਤੇ ਬੰਬ ਰੋਕੂ ਦਸਤੇ ਨੂੰ ਮੌਕੇ ’ਤੇ ਬੁਲਾਇਆ ਗਿਆ।
ਓਧਰ ਮੰਜਾਕੋਟ ਥਾਣੇ ਦੇ ਮੁਖੀ ਪੰਕਜ ਸ਼ਰਮਾ ਨੇ ਦੱਸਿਆ ਕਿ ਸਵੇਰੇ ਸਾਢੇ 8 ਵਜੇ ਦੇ ਕਰੀਬ ਸੜਕ ਕਿਨਾਰੇ ਬੰਬ ਵਰਗੀ ਵਸਤੂ ਮਿਲੀ। ਤੁਰੰਤ ਸਮੁੁੱਚੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਅਤੇ ਫ਼ੌਜ ਦੇ ਬੰਬ ਨਸ਼ਟ ਕਰਨ ਵਾਲੇ ਦਸਤੇ ਨੇ ਵਸਤੂ ਦਾ ਨਿਰੀਖਣ ਕੀਤਾ। ਸਾਵਧਾਨੀ ਦੇ ਤੌਰ ’ਤੇ ਹਾਈਵੇਅ ਦੇ ਦੋਹਾਂ ਪਾਸਿਓਂ ਆਵਾਜਾਈ ਨੂੰ ਰੋਕ ਦਿੱਤਾ ਗਿਆ। ਫ਼ੌਜ ਅਤੇ ਪੁਲਸ ਨੇ ਪੂਰੇ ਇਲਾਕੇ ਦੀ ਤਲਾਸ਼ੀ ਲਈ। ਥਾਣਾ ਮੁਖੀ ਨੇ ਦੱਸਿਆ ਸ਼ੱਕੀ ਵਸਤੂ ਦੀ ਜਾਂਚ ਮਗਰੋਂ ਹਾਲਾਤ ਆਮ ਹੁੰਦੇ ਹੀ ਹਾਈਵੇਅ ’ਤੇ ਆਵਾਜਾਈ ਫਿਰ ਤੋਂ ਬਹਾਲ ਕਰ ਦਿੱਤੀ ਜਾਵੇਗੀ।
ਦੱਸਣਯੋਗ ਹੈ ਕਿ ਅੱਜ ਯੂਰਪੀ ਯੂਨੀਅਨ ਸਮੇਤ 24 ਦੇਸ਼ਾਂ ਦੇ ਰਾਜਦੂਤਾਂ ਦਾ ਇਕ ਵਫ਼ਦ ਜੰਮੂ-ਕਸ਼ਮੀਰ ਦੇ ਦੌਰ ’ਤੇ ਹੈ। ਇਹ ਵਫ਼ਦ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਤੋਂ ਬਾਅਦ ਸਿਵਲ ਸੋਸਾਇਟੀ ਦੇ ਮੈਂਬਰਾਂ ਅਤੇ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਜ਼ਮੀਨੀ ਹਕੀਕਤ ਦਾ ਜਾਇਜ਼ਾ ਲਵੇਗਾ।