ਜੰਮੂ ਕਸ਼ਮੀਰ ''ਚ 118 ਸਾਲਾ ਵਿਅਕਤੀ ਨੇ ਲਗਵਾਇਆ ਕੋਰੋਨਾ ਟੀਕਾ, ਹੋਰਾਂ ਲਈ ਬਣਿਆ ਮਿਸਾਲ
Friday, May 28, 2021 - 05:05 PM (IST)
ਜੰਮੂ- ਜੰਮੂ ਕਸ਼ਮੀਰ ਦੇ 118 ਸਾਲਾ ਸ਼ੇਰ ਮੁਹੰਮਦ ਦਾ ਕਹਿਣਾ ਹੈ ਕਿ ਕੋਰੋਨਾ ਦਾ ਟੀਕਾ ਲਗਵਾਉਣ ਤੋਂ ਬਾਅਦ ਉਨ੍ਹਾਂ 'ਚ ਹੋਰ ਵੱਧ ਆਤਮਵਿਸ਼ਵਾਸ ਦਾ ਸੰਚਾਰ ਹੋਇਆ ਹੈ ਅਤੇ ਉਹ ਸੁਰੱਖਿਅਤ ਮਹਿਸੂਸ ਕਰ ਰਹੇ ਹਨ। ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਮਾਹੋਰ ਤਹਿਸੀਲ ਦੇ ਵਾਸੀ 118 ਸਾਲਾ ਮੁਹੰਮਦ ਨੇ ਪ੍ਰਸ਼ਾਸਨ ਵਲੋਂ ਆਯੋਜਿਤ ਟੀਕਾਕਰਨ ਮੁਹਿੰਮ ਦੇ ਅਧੀਨ ਵੀਰਵਾਰ ਸਵੇਰੇ ਟੀਕਾ ਲਗਵਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਵਾਇਰਸ ਦੇ ਬਚਾਅ ਲਈ ਸਾਰੇ ਲੋਕਾਂ ਨੂੰ ਟੀਕਾ ਲਗਵਾਉਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ,''ਕੋਰੋਨਾ ਟੀਕਾ ਲਗਵਾਉਣ ਤੋਂ ਬਾਅਦ ਮੇਰਾ ਆਤਮਵਿਸ਼ਵਾਸ ਵਧਿਆ ਹੈ ਅਤੇ ਵੱਧ ਸੁਰੱਖਿਅਤ ਮਹਿਸੂਸ ਕਰ ਰਿਹਾ ਹਾਂ, ਕਿਉਂਕਿ ਇਸ ਖ਼ਤਰਨਾਕ ਬੀਮਾਰੀ ਤੋਂ ਬਚਣ ਲਈ ਟੀਕਾ ਸਭ ਤੋਂ ਵੱਡੀ ਢਾਲ ਹੈ।'' ਮੁਹੰਮਦ ਨੇ ਕਿਹਾ ਕਿ ਲੋਕਾਂ ਨੂੰ ਟੀਕੇ ਦੇ ਪ੍ਰਭਾਵਾਂ ਬਾਰੇ ਅਫ਼ਵਾਹਾਂ 'ਤੇ ਧਿਆਨ ਨਹੀਂ ਦੇਣਾ ਚਾਹੀਦਾ ਅਤੇ ਜਲਦ ਤੋਂ ਜਲਦ ਟੀਕਾ ਲਗਵਾਉਣਾ ਚਾਹੀਦਾ। ਉਨ੍ਹਾਂ ਕਿਹਾ,''ਜੇਕਰ ਮੈਂ ਇਸ ਉਮਰ 'ਚ ਟੀਕਾ ਲਗਵਾ ਸਕਦਾ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਬਾਕੀ ਲੋਕਾਂ ਨੂੰ ਟੀਕਾ ਲਗਵਾਉਣ 'ਚ ਝਿਜਕ ਨਹੀਂ ਕਰਨੀ ਚਾਹੀਦੀ।'' ਰਿਆਸੀ ਦੇ ਡਿਪਟੀ ਕਮਿਸ਼ਨਰ ਚਰਨਦੀਪ ਸਿੰਘ ਨੇ ਕਿਹਾ ਕਿ ਕੋਰੋਨਾ ਵਾਇਰਸ ਸੰਕਰਮਣ ਨੂੰ ਫੈਲਣ ਤੋਂ ਰੋਕਣ ਲਈ ਉਹ ਲਗਾਤਾਰ ਲੋਕਾਂ ਨੂੰ ਸਹਿਯੋਗ ਕਰਨ ਦੀ ਅਪੀਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਟੀਕਾਕਰਨ ਪ੍ਰਕਿਰਿਆ 'ਚ ਤੇਜ਼ੀ ਲਿਆਉਣ ਲਈ ਹਾਲ ਹੀ 'ਚ ਕਈ ਕਦਮ ਚੁੱਕੇ ਹਨ।