ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਬਹਾਲ ਕਰਨ ਲਈ ਸੰਘਰਸ਼ ਜਾਰੀ ਰੱਖੇਗੀ PDP : ਮਹਿਬੂਬਾ

04/12/2021 5:40:23 PM

ਸ਼੍ਰੀਨਗਰ- ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਬਹਾਲ ਕਰਵਾਉਣ ਲਈ ਸੰਘਰਸ਼ ਜਾਰੀ ਰਖੇਗੀ। ਨਾਲ ਹੀ ਉਨ੍ਹਾਂ ਕਿਹਾ ਕਿ ਕਸ਼ਮੀਰ ਸਮੇਤ ਸਾਰੇ ਪੈਂਡਿੰਗ ਮੁੱਦਿਆਂ ਦੇ ਹੱਲ ਲਈ ਭਾਰਤ ਅਤੇ ਪਾਕਿਸਤਾਨ ਨੂੰ ਗੱਲਬਾਤ ਲਈ ਮੇਜ਼ 'ਤੇ ਆਉਣਾ ਹੋਵੇਗਾ। ਮੁਫ਼ਤੀ ਨੇ ਇੱਥੇ ਪਾਰਟੀ ਦੇ ਇਕ ਪ੍ਰੋਗਰਾਮ 'ਚ ਕਿਹਾ,''ਅਸੀਂ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਬਹਾਲ ਕਰਵਾਉਣ ਦਾ ਆਪਣਾ ਸੰਘਰਸ਼ ਜਾਰੀ ਰੱਖਾਂਗੇ, ਇਸ ਨੂੰ ਖ਼ਤਮ ਕਰਨ ਲਈ ਸਰਕਾਰ ਦੇ ਫ਼ੈਸਲੇ ਨੂੰ ਅਸੀਂ ਸਵੀਕਾਰ ਨਹੀਂ ਕਰਦੇ।''

ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਭਾਰਤ ਦੇ ਸੰਵਿਧਾਨ ਨੇ ਦਿੱਤਾ ਸੀ। ਉਨ੍ਹਾਂ ਕਿਹਾ,''ਇਹ ਦਰਜਾ ਚੀਨ ਨੇ ਜਾਂ ਪਾਕਿਸਤਾਨ ਨੇ ਨਹੀਂ ਦਿੱਤਾ ਸੀ। ਜਦੋਂ ਅਸੀਂ ਇਸ ਨੂੰ ਬਹਾਲ ਕਰਨ ਦੀ ਗੱਲ ਕਰਦੇ ਹਾਂ ਤਾਂ ਸਰਕਾਰ ਨੂੰ ਦਰਦ ਕਿਉਂ ਹੁੰਦਾ ਹੈ? ਅਸੀਂ ਖ਼ਾਸ ਸ਼ਰਤਾਂ 'ਤੇ ਭਾਰਤ 'ਚ ਸ਼ਾਮਲ ਹੋਏ ਸੀ ਅਤੇ ਉਨ੍ਹਾਂ 'ਚੋਂ ਇਕ ਸੀ ਆਪਣੀ ਪਛਾਣ ਦੀ ਸੁਰੱਖਿਆ ਕਰਨਾ।'' ਪੀ.ਡੀ.ਪੀ. ਮੁਖੀ ਨੇ ਕਿਹਾ ਕਿ ਕੇਂਦਰ ਨੂੰ ਜੰਮੂ ਕਸ਼ਮੀਰ ਸਮੇਤ ਸਾਰੇ ਪੈਂਡਿੰਗ ਮੁੱਦਿਆਂ ਦੇ ਹੱਲ ਲਈ ਭਾਰਤ ਅਤੇ ਪਾਕਿਸਤਾਨ ਨੂੰ ਗੱਲਬਾਤ ਕਰਨੀ ਹੋਵੇਗੀ। ਉਨ੍ਹਾਂ ਕਿਹਾ,''ਜੇਕਰ ਦੋਵੇਂ ਦੇਸ਼ ਖੇਤਰ 'ਚ ਸ਼ਾਂਤੀ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਸਾਰੇ ਪੈਂਡਿੰਗ ਮੁੱਦਿਆਂ ਨੂੰ ਹੱਲ ਕਰਨ ਲਈ ਇਕੱਠੇ ਬੈਠਣਾ ਹੋਵੇਗਾ।'' ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (ਦਕਸ਼ੇਸ) ਸਿਖਰ ਸੰਮੇਲਨ ਆਯੋਜਿਤ ਕੀਤਾ ਜਾਣਾ ਚਾਹੀਦਾ ਤਾਂ ਕਿ ਦੋਹਾਂ ਦੇਸ਼ਾਂ ਵਿਚਾਲੇ ਮੁੱਦਿਆਂ ਨੂੰ ਹੱਲ ਕੀਤਾ ਜਾ ਸਕੇ। ਉਨ੍ਹਾਂ ਕਿਹਾ,''ਮੈਂ ਉਮੀਦ ਕਰਦੀ ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਖਰ ਸੰਮੇਲਨ 'ਚ ਹਿੱਸਾ ਲੈਣ ਪਾਕਿਸਤਾਨ ਜਾਣਗੇ, ਕਿਉਂਕਿ (ਸਾਬਕਾ ਪ੍ਰਧਾਨ ਮੰਤਰੀ) ਅਟਲ ਬਿਹਾਰੀ ਵਾਜਪਾਈ ਨੇ ਕਿਹਾ ਸੀ ਕਿ ਅਸੀਂ ਦੋਸਤ ਬਦਲ ਸਕਦੇ ਹਾਂ ਪਰ ਗੁਆਂਢੀ ਨਹੀਂ।''


DIsha

Content Editor

Related News