ਜੰਮੂ-ਕਸ਼ਮੀਰ : ਭਾਰਤੀ ਫੌਜ ਨੇ ਦਿੱਤਾ ਮੂੰਹ ਤੋੜ ਜਵਾਬ, 4 ਪਾਕਿਸਤਾਨੀ ਫੌਜੀ ਢੇਰ

12/27/2019 3:29:44 PM

ਪੁੰਛ— ਭਾਰਤੀ ਫੌਜ ਨੇ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ ਦਾ ਮੂੰਹ ਤੋੜ ਜਵਾਬ ਦਿੰਦੇ ਹੋਏ ਉਸ ਦੇ 3-4 ਫੌਜੀਆਂ ਨੂੰ ਮਾਰ ਸੁੱਟਿਆ ਹੈ। ਵੀਰਵਾਰ ਰਾਤ ਪੁੰਛ-ਰਾਜੌਰੀ ਸੈਕਟਰ 'ਚ ਕੰਟਰੋਲ ਰੇਖਾ ਦੇ ਨੇੜੇ ਪਾਕਿਸਤਾਨ ਵਲੋਂ ਅਚਾਨਕ ਗੋਲੀਬਾਰੀ ਸ਼ੁਰੂ ਹੋ ਗਈ। ਪਾਕਿਸਤਾਨ ਵਲੋਂ ਮੋਰਟਾਰ ਵੀ ਦਾਗ਼ੇ ਗਏ। ਭਾਰਤੀ ਫੌਜ ਨੇ ਇਸ ਦਾ ਮੂੰਹ ਤੋੜ ਜਵਾਬ ਦਿੰਦੇ ਹੋਏ ਪਾਕਿਸਤਾਨੀ ਚੌਕੀਆਂ ਨੂੰ ਨਿਸ਼ਾਨਾ ਬਣਾਇਆ। 

4 ਪਾਕਿਸਤਾਨੀ ਫੌਜੀ ਕੀਤੇ ਢੇਰ
ਫੌਜ ਸੂਤਰਾਂ ਦਾ ਕਹਿਣਾ ਹੈ ਕਿ ਇਸ ਦੌਰਾਨ 3 ਤੋਂ 4 ਪਾਕਿਸਤਾਨੀ ਫੌਜੀ ਵੀ ਢੇਰ ਹੋਏ। ਭਾਰਤ ਵਲੋਂ ਦਾਗ਼ੇ ਗਏ ਮੋਰਟਾਰ ਅਤੇ ਭਾਰੀ ਗੋਲੀਬਾਰੀ 'ਚ ਪਾਕਿਸਤਾਨੀ ਟਿਕਾਣਿਆਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪਾਕਿਸਤਾਨੀ ਗੋਲੀਬਾਰੀ 'ਚ ਭਾਰਤ ਦਾ ਇਕ ਜਵਾਨ ਸ਼ਹੀਦ ਹੋ ਗਿਆ ਸੀ। ਇਸ ਤੋਂ ਬਾਅਦ ਭਾਰਤੀ ਫੌਜ ਨੇ ਸਾਫ਼ ਕੀਤਾ ਕਿ ਜੇਕਰ ਕੰਟਰੋਲ ਰੇਖਾ 'ਤੇ ਭਾਰਤ ਦਾ ਇਕ ਵੀ ਜਵਾਨ ਸ਼ਹੀਦ ਹੋਇਆ ਤਾਂ ਪਾਕਿਸਤਾਨ ਦੇ ਘੱਟੋ-ਘੱਟ 3 ਜਵਾਨ ਮਾਰੇ ਜਾਣਗੇ।

ਉੜੀ 'ਚ ਬੁੱਧਵਾਰ ਨੂੰ ਇਕ ਜਵਾਨ ਹੋਇਆ ਸੀ ਸ਼ਹੀਦ
ਬੁੱਧਵਾਰ ਨੂੰ ਰਾਮਪੁਰ ਸੈਕਟਰ (ਉੜੀ ਦੇ ਕਰੀਬ) ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਸੀ, ਜਿਸ 'ਚ ਸੂਬੇਦਾਰ ਵੀਰਾਸ਼ ਕੁਰਹਾਠੀ ਸ਼ਹੀਦ ਹੋ ਗਏ ਸਨ। ਇਕ ਸਥਾਨਕ ਔਰਤ ਦੀ ਵੀ ਮੌਤ ਹੋ ਗਈ। ਪਾਕਿਸਤਾਨੀ ਫੌਜ ਨੇ ਬਾਰਾਮੂਲਾ ਜ਼ਿਲੇ ਦੇ ਕਈ ਸੈਕਟਰਾਂ 'ਚ ਕਈ ਨਾਗਰਿਕ ਅਤੇ ਰੱਖਿਆ ਟਿਕਾਣਿਆਂ ਨੂੰ ਵੀ ਨਿਸ਼ਾਨਾ ਬਣਾਇਆ ਸੀ। ਤੋਪਾਂ ਨਾਲ ਹੋਈ ਗੋਲੀਬਾਰੀ ਕਾਰਨ ਕੰਟਰੋਲ ਰੇਖਾ ਦੇ ਇਸ ਪਾਰ ਅੰਦਰੂਨੀ ਇਲਾਕਿਆਂ 'ਚ ਰਹਿਣ ਵਾਲੇ ਪਿੰਡ ਵਾਸੀਆਂ 'ਚ ਡਰ ਦਾ ਮਾਹੌਲ ਪੈਦਾ ਹੋ ਗਿਆ। ਦੱਸਣਯੋਗ ਹੈ ਕਿ ਪਾਕਿਸਤਾਨ ਨੇ ਤਣਾਅ ਅਜਿਹੇ ਮਾਹੌਲ 'ਚ ਵਧਾਇਆ ਹੈ, ਜਦੋਂ ਭਾਰਤ ਸਰਕਾਰ ਨੇ 2 ਦਿਨ ਪਹਿਲਾਂ ਹੀ ਕਸ਼ਮੀਰ ਤੋਂ 7 ਹਜ਼ਾਰ ਤੋਂ ਵਧ ਸੁਰੱਖਿਆ ਕਰਮਚਾਰੀਆਂ ਨੂੰ ਵਾਪਸ ਬੁਲਾਇਆ ਹੈ। ਇਨ੍ਹਾਂ ਨੂੰ ਧਾਰਾ-370 ਨੂੰ ਰੱਦ ਕੀਤੇ ਜਾਣ ਤੋਂ ਪਹਿਲਾਂ ਤਾਇਨਾਤ ਕੀਤਾ ਗਿਆ ਸੀ।


DIsha

Content Editor

Related News