ਕੋਰੋਨਾ ਕਾਰਨ ਬਨਿਹਾਲ-ਬਾਰਾਮੂਲਾ ਵਿਚਾਲੇ ਅੱਜ ਤੋਂ 16 ਮਈ ਤੱਕ ਨਹੀਂ ਚੱਲਣਗੀਆਂ ਟਰੇਨਾਂ
Tuesday, May 11, 2021 - 12:11 PM (IST)
ਨਵੀਂ ਦਿੱਲੀ- ਜੰਮੂ ਕਸ਼ਮੀਰ 'ਚ 17 ਮਈ ਤੱਕ ਲਾਕਡਾਊਨ ਵਧਾ ਦਿੱਤਾ ਗਿਆ ਹੈ। ਕੋਰੋਨਾ ਦੀ ਵਿਗੜਦੀ ਸਥਿਤੀ ਨੂੰ ਦੇਖਦੇ ਹੋਏ ਰੇਲਵੇ ਅਧਿਕਾਰੀਆਂ ਨੇ ਕਸ਼ਮੀਰ ਘਾਟੀ 'ਚ ਰੇਲ ਸੇਵਾਵਾਂ ਨੂੰ 11 ਮਈ ਤੋਂ 16 ਮਈ ਤੱਕ ਰੱਦ ਕਰ ਦਿੱਤਾ ਹੈ। ਉੱਤਰ ਰੇਲਵੇ ਵਲੋਂ ਸ਼ੇਅਰ ਕੀਤੀ ਗਈ ਜਾਣਕਾਰੀ ਅਨੁਸਾਰ ਜੰਮੂ ਕਸ਼ਮੀਰ ਸੈਕਸ਼ਨ ਦੇ ਬਾਰਾਮੂਲਾ-ਬਨਿਹਾਲ ਵਿਚਾਲੇ ਚੱਲਣ ਵਾਲੀਆਂ ਸਾਰੀਆਂ ਟਰੇਨਾਂ 16 ਮਈ ਤੱਕ ਕੈਂਸਲ ਰਹਿਣਗੀਆਂ।
ਕਸ਼ਮੀਰ 'ਚ ਕਰੀਬ 11 ਮਹੀਨਿਆਂ ਬਾਅਦ 22 ਫਰਵਰੀ 2021 ਨੂੰ ਰੇਲ ਸੇਵਾ ਬਹਾਲ ਕੀਤੀ ਗਈ ਸੀ। ਕੋਰੋਨਾ ਕਾਰਨ ਕਸ਼ਮੀਰ 'ਚ ਲੰਬੇ ਸਮੇਂ ਤੱਕ ਬੰਦ ਰਹੀ ਟਰੇਨ ਸਰਵਿਸ 22 ਫਰਵਰੀ ਤੋਂ ਬਨਿਹਾਲ-ਬਾਰਾਮੂਲਾ ਵਿਚਾਲੇ ਸ਼ੁਰੂ ਕੀਤੀ ਗਈ ਸੀ। ਦੱਸਣਯੋਗ ਹੈ ਕਿ 137 ਕਿਲੋਮੀਟਰ ਦੇ ਬਨਿਹਾਲ-ਬਾਰਾਮੂਲਾ ਸੈਕਸ਼ਨ 'ਚ 17 ਰੇਲਵੇ ਸਟੇਸ਼ਨ ਆਉਂਦੇ ਹਨ। ਈਦ-ਉਲ-ਫਿਤਰ ਤਿਉਹਾਰ ਤੋਂ ਤਿੰਨ ਦਿਨ ਪਹਿਲਾਂ ਸੇਵਾਵਾਂ ਰੱਦ ਕਰਨ ਦਾ ਫ਼ੈਸਲਾ ਇਨ੍ਹਾਂ ਖ਼ਬਰਾਂ ਦਰਮਿਆਨ ਆਇਆ ਹੈ ਕਿ ਪ੍ਰਵਾਸੀ ਮਜ਼ਦੂਰ ਕਾਜੀਗੁੰਡ 'ਚ ਜ਼ਰੂਰੀ ਕੋਰੋਨਾ ਜਾਂਚ ਤੋਂ ਬਚਣ ਲਈ ਇਸ ਦਾ ਇਸਤੇਮਾਲ ਘਾਟੀ 'ਚ ਪ੍ਰਵੇਸ਼ ਕਰਨ ਲਈ ਕਰ ਰਹੇ ਹਨ।