ਜੰਮੂ-ਕਸ਼ਮੀਰ ਦੇ ਅਵੰਤੀਪੋਰਾ 'ਚ ਮੁਕਾਬਲਾ, 2 ਜਵਾਨ ਸ਼ਹੀਦ

01/21/2020 3:20:07 PM

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਪੁਲਵਾਮਾ ਦੇ ਅਵੰਤੀਪੋਰਾ ਇਲਾਕੇ 'ਚ ਮੰਗਲਵਾਰ ਨੂੰ ਹੋਏ ਇਕ ਮੁਕਾਬਲੇ 'ਚ ਭਾਰਤੀ ਫੌਜ ਅਤੇ ਜੰਮੂ-ਕਸ਼ਮੀਰ ਦੇ ਜਵਾਨਾਂ ਨੇ ਜੈਸ਼-ਏ-ਮੁਹੰਮਦ ਦੇ 2 ਅੱਤਵਾਦੀਆਂ ਨੂੰ ਮਾਰ ਸੁੱਟਿਆ ਹੈ। ਇਸ ਅੱਤਵਾਦੀ ਮੁਕਾਬਲੇ 'ਚ ਜੰਮੂ-ਕਸ਼ਮੀਰ ਪੁਲਸ ਦੇ ਇਕ ਐੱਸ.ਪੀ. ਰੈਂਕ ਅਧਿਕਾਰੀ ਅਤੇ ਭਾਰਤੀ ਫੌਜ ਦਾ ਇਕ ਜਵਾਨ ਸ਼ਹੀਦ ਹੋਏ ਹਨ।

ਮਿਲੀ ਜਾਣਕਾਰੀ ਅਨੁਸਾਰ ਫੌਜ ਨੂੰ ਮਿਲੀਟ੍ਰੀ ਇੰਟੈਲੀਜੈਂਸ ਦੀਆਂ ਟੀਮਾਂ ਤੋਂ ਮੰਗਲਵਾਰ ਸਵੇਰੇ ਪੁਲਵਾਮਾ ਦੇ ਅਵੰਤੀਪੋਰਾ ਇਲਾਕੇ 'ਚ 2 ਸ਼ੱਕੀ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਇਸ ਸੂਚਨਾ 'ਤੇ ਐਕਸ਼ਨ ਲੈਂਦੇ ਹੋਏ ਫੌਜ ਦੀ ਰਾਸ਼ਟਰੀ ਰਾਈਫਲਜ਼, ਜੰਮੂ-ਕਸ਼ਮੀਰ ਪੁਲਸ ਦੇ ਸਪੈਸ਼ਲ ਆਪਰੇਸ਼ਨ ਗਰੁੱਪ ਅਤੇ ਸੀ.ਆਰ.ਪੀ.ਐੱਫ. ਦੀਆਂ ਟੀਮਾਂ ਨੂੰ ਭੇਜਿਆ ਗਾ। ਇਸ ਤੋਂ ਬਾਅਦ ਅਵੰਤੀਪੋਰਾ ਦੇ ਜੰਤਰਨਾਗ ਪਿੰਡ 'ਚ ਅੱਤਵਾਦੀਆਂ ਦੀ ਤਲਾਸ਼ ਲਈ ਸਖਤ ਘੇਰਾਬੰਦੀ ਕੀਤੀ ਗਈ।

ਪਿੰਡ 'ਚ ਸੁਰੱਖਿਆ ਫੋਰਸਾਂ ਨੇ ਆਪਣਾ ਸਰਚ ਆਪਰੇਸ਼ਨ ਸ਼ੁਰੂ ਕੀਤਾ ਤਾਂ ਅੱਤਵਾਦੀਆਂ ਨੇ ਗੋਲੀਬਾਰੀ ਕਰ ਕੇ ਦੌੜਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਪਿੰਡ ਦੇ ਇਕ ਮਕਾਨ 'ਚ ਇਨ੍ਹਾਂ ਅੱਤਵਾਦੀਆਂ ਨੂੰ ਘੇਰ ਕੇ ਜਵਾਬੀ ਕਾਰਵਾਈ ਸ਼ਰੂ ਕੀਤੀ ਗਈ। 2 ਘੰਟੇ ਤੱਕ ਚੱਲੀ ਗੋਲੀਬਾਰੀ ਤੋਂ ਬਾਅਦ ਫੌਜ ਨੇ 2 ਅੱਤਵਾਦੀਆਂ ਨੂੰ ਮਾਰ ਸੁੱਟਿਆ। ਇਸ ਤੋਂ ਬਾਅਦ ਜਵਾਨਾਂ ਨੇ ਮੁਕਾਬਲੇ ਸਥਾਨ ਨੂੰ ਸੀਲ ਕਰਦੇ ਹੋਏ ਇੱਥੇ ਸੰਯੁਕਤ ਆਪਰੇਸ਼ਨ ਚਲਾਇਆ।


DIsha

Content Editor

Related News