ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਨਜ਼ਰਬੰਦ ਕੀਤੇ ਗਏ 4 ਹੋਰ ਨੇਤਾਵਾਂ ਨੂੰ ਕੀਤਾ ਰਿਹਾਅ

02/02/2020 6:14:24 PM

ਸ਼੍ਰੀਨਗਰ— ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਕਰੀਬ 6 ਮਹੀਨੇ ਬਾਅਦ 4 ਹੋਰ ਨੇਤਾਵਾਂ ਨੂੰ ਨਜ਼ਰਬੰਦੀ ਤੋਂ ਰਿਹਾਅ ਕਰ ਦਿੱਤਾ ਹੈ। ਇਨ੍ਹਾਂ ਨੇਤਾਵਾਂ ਨੂੰ ਸ਼੍ਰੀਨਗਰ ਸਥਿਤ ਐੱਮ. ਐੱਲ. ਏ. ਹੋਸਟਲ 'ਚ ਰੱਖਿਆ ਗਿਆ ਸੀ। ਰਿਹਾਅ ਕੀਤੇ ਗਏ ਨੇਤਾਵਾਂ 'ਚੋਂ ਤਿੰਨ ਨੈਸ਼ਨਲ ਕਾਨਫਰੰਸ ਦੇ ਜਦਕਿ ਇਕ ਪੀ. ਡੀ. ਪੀ. ਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਚਾਰੋਂ ਨੇਤਾਵਾਂ ਨੂੰ ਉਨ੍ਹਾਂ ਦੇ ਘਰਾਂ ਨੂੰ ਭੇਜ ਦਿੱਤਾ ਗਿਆ ਹੈ ਅਤੇ ਆਪਣੇ ਘਰਾਂ ਤਕ ਹੀ ਸੀਮਤ ਰਹਿਣ ਨੂੰ ਕਿਹਾ ਗਿਆ ਹੈ। ਇਨ੍ਹਾਂ ਨੇਤਾਵਾਂ ਵਿਚ ਅਬਦੁੱਲ ਮਾਜਿਦ ਭੱਟ ਲਾਰਨੀ, ਗੁਲਾਮ ਨਬੀ ਭੱਟ, ਡਾ. ਮੁਹੰਮਦ ਸ਼ਫੀ ਅਤੇ ਮੁਹੰਮਦ ਯੁਸੂਫ ਭੱਟ ਸ਼ਾਮਲ ਹਨ। ਇਸ ਤੋਂ ਪਹਿਲਾਂ ਵੀ ਪ੍ਰਸ਼ਾਸਨ ਨੇ 4 ਨੇਤਾਵਾਂ ਨੂੰ ਰਿਹਾਅ ਕੀਤਾ ਸੀ।

PunjabKesari

ਇਨ੍ਹਾਂ ਨੇਤਾਵਾਂ ਨੂੰ ਬੀਤੀ 5 ਅਗਸਤ ਨੂੰ ਧਾਰਾ-370 ਖਤਮ ਕੀਤੇ ਜਾਣ ਤੋਂ ਬਾਅਦ ਕਈ ਹੋਰ ਨੇਤਾਵਾਂ, ਸਮਾਜਿਕ ਵਰਕਰਾਂ ਅਤੇ ਕਾਰੋਬਾਰੀਆਂ ਨਾਲ ਹਿਰਾਸਤ 'ਚ ਰੱਖਿਆ ਗਿਆ ਸੀ। ਨਜ਼ਰਬੰਦ ਕੀਤੇ ਗਏ ਹੋਰ ਪ੍ਰਮੁੱਖ ਨੇਤਾਵਾਂ ਵਿਚ ਨੈਸ਼ਨਲ ਕਾਨਫਰੰਸ ਦੇ ਨੇਤਾ ਫਾਰੂਕ ਅਬਦੁੱਲਾ ਅਤੇ ਉਮਰ ਅਬਦੁੱਲਾ, ਪੀ. ਡੀ. ਪੀ. ਮੁਖੀ ਮਹਿਬੂਬਾ ਮੁਫਤੀ ਅਤੇ ਸੱਜਾਦ ਗਨੀ ਲੋਨ ਵੀ ਸ਼ਾਮਲ ਹਨ। ਇਨ੍ਹਾਂ ਨੇਤਾਵਾਂ ਨੂੰ ਅਜੇ ਵੀ ਰਿਹਾਅ ਨਹੀਂ ਕੀਤਾ ਗਿਆ ਹੈ।ਦੱਸਣਯੋਗ ਹੈ ਕਿ ਪਿਛਲੇ ਸਾਲ 5 ਅਗਸਤ ਨੂੰ ਮੋਦੀ ਸਰਕਾਰ ਨੇ ਧਾਰਾ-370 ਖਤਮ ਕੀਤੇ ਜਾਣ ਦੇ ਨਾਲ ਹੀ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਸੂਬੇ ਦਾ ਦਰਜਾ ਖਤਮ ਕਰ ਦਿੱਤਾ ਸੀ। ਕੇਂਦਰ ਸਰਕਾਰ ਨੇ ਲੱਦਾਖ ਤੋਂ ਕਸ਼ਮੀਰ ਨੂੰ ਵੱਖ ਕਰਦੇ ਹੋਏ ਦੋਹਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦਾ ਐਲਾਨ ਕੀਤਾ ਸੀ। ਧਾਰਾ-370 ਖਤਮ ਕੀਤੇ ਜਾਣ ਤੋਂ ਬਾਅਦ ਸੁਰੱਖਿਆ ਵਿਵਸਥਾ ਦੇ ਮੱਦੇਨਜ਼ਰ ਸਾਵਧਾਨੀ ਦੇ ਤੌਰ 'ਤੇ ਸੂਬੇ 'ਚ ਮੋਬਾਇਲ ਅਤੇ ਇੰਟਰਨੈੱਟ ਸੇਵਾਵਾਂ 'ਤੇ ਵੀ ਰੋਕ ਲਾ ਦਿੱਤੀ ਗਈ ਸੀ।


Tanu

Content Editor

Related News