ਹੁਣ ਕੈਦੀਆਂ ਦਾ ਵੀ ਬਣੇਗਾ ਆਧਾਰ ਕਾਰਡ
Saturday, Jul 27, 2019 - 12:26 PM (IST)

ਜਗਦਲਪੁਰ (ਵਾਰਤਾ)— ਛੱਤੀਸਗੜ੍ਹ ਦੇ ਜਗਦਲਪੁਰ ਕੇਂਦਰੀ ਜੇਲ ਵਿਚ ਕੈਦ ਕੈਦੀਆਂ ਕੋਲ ਛੇਤੀ ਹੀ ਆਪਣੇ ਆਧਾਰ ਕਾਰਡ ਹੋਣਗੇ। ਇਸ ਤਰ੍ਹਾਂ ਦੀ ਸਹੂਲਤ ਦੇਣ ਵਾਲੀ ਇਹ ਛੱਤੀਸਗੜ੍ਹ ਦੀ ਪਹਿਲੀ ਜੇਲ ਹੋਵੇਗੀ। ਜੇਲ ਪ੍ਰਬੰਧਨ ਨੇ ਇਸ ਲਈ ਪੂਰੀ ਤਿਆਰੀ ਕਰ ਲਈ ਹੈ। ਆਧਾਰ ਕਾਰਡ ਬਣ ਜਾਣ ਨਾਲ ਕਰੀਬ 3,000 ਤੋਂ ਵਧੇਰੇ ਕੈਦੀਆਂ ਨੂੰ ਇਸ ਦਾ ਫਾਇਦਾ ਮਿਲੇਗਾ। ਸੂਤਰਾਂ ਮੁਤਾਬਕ ਜੇਲ ਵਿਚ ਸ਼ੁਰੂ ਹੋਣ ਜਾ ਰਹੇ ਆਧਾਰ ਸੇਵਾ ਕੇਂਦਰ ਲਈ ਜੇਲ ਦੇ ਕਰਮਚਾਰੀਆਂ ਨੂੰ ਡਿਵਾਈਸ ਦੀ ਸੰਭਾਲ ਕਰਨ ਲਈ ਜ਼ਰੂਰੀ ਸਿਖਲਾਈ ਦਿੱਤੀ ਜਾ ਚੁੱਕੀ ਹੈ। ਇਸ ਲਈ ਜੇਲ ਪ੍ਰਸ਼ਾਸਨ ਨੂੰ ਪੈਰਾਮੈਟਿਕ ਡਿਵਾਈਸ ਅਤੇ ਆਧਾਰ ਕਿਟ ਦਿੱਤੀ ਜਾਵੇਗੀ।
ਕੇਂਦਰੀ ਜੇਲ ਸੁਪਰਡੈਂਟ ਅਮਿਤ ਸ਼ਾਂਡੀਲਯ ਨੇ ਦੱਸਿਆ ਕਿ ਜੇਲ ਵਿਚ ਆਧਾਰ ਸੇਵਾ ਕੇਂਦਰ ਸ਼ੁਰੂ ਕਰਨ ਦੀ ਯੋਜਨਾ ਆਖਰੀ ਪੜਾਅ ਵਿਚ ਹੈ। ਕੈਦੀਆਂ ਨੂੰ ਇਸ ਤਰ੍ਹਾਂ ਦੀ ਸਹੂਲਤ ਦੇਣ ਵਾਲੀ ਇਹ ਛੱਤੀਸਗੜ੍ਹ ਦੀ ਪਹਿਲੀ ਜੇਲ ਹੋਵੇਗੀ। ਇਸ ਨੂੰ ਲੈ ਕੇ ਕੈਦੀਆਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਛੇਤੀ ਹੀ ਉਨ੍ਹਾਂ ਦਾ ਆਧਾਰ ਕਾਰਡ ਬਣਾਉਣਾ ਸ਼ੁਰੂ ਹੋ ਜਾਵੇਗਾ।