ਕਸ਼ਮੀਰ : ਕੁਲਗਾਮ ''ਚ ਜਵਾਨਾਂ ਅਤੇ ਅੱਤਵਾਦੀਆਂ ਵਿਚਾਲੇ ਮਕਾਬਲਾ,DSP ਸ਼ਹੀਦ
Sunday, Feb 24, 2019 - 06:20 PM (IST)

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਕੁਲਗਾਮ ਵਿਚ ਸੁਰੱਖਿਆ ਫੋਰਸ ਦੇ ਜਵਾਨਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲੇ ਵਿਚ ਡੀ. ਐੱਸ. ਪੀ. ਅਮਨ ਠਾਕੁਰ ਸ਼ਹੀਦ ਹੋ ਗਏ ਹਨ ਅਤੇ ਇਕ ਅਧਿਕਾਰੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਹੈ। ਜਾਣਕਾਰੀ ਮੁਤਾਬਕ ਸੁਰੱਖਿਆ ਫੋਰਸ ਦੇ ਜਵਾਨਾਂ ਨੇ 3 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਫਿਲਹਾਲ ਆਪਰੇਸ਼ਨ ਜਾਰੀ ਹੈ। ਹੁਣ ਤਕ ਇਕ ਅੱਤਵਾਦੀ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਸ਼ਹੀਦ ਅਮਨ ਠਾਕੁਰ 2011 ਬੈਂਚ ਦੇ ਅਧਿਕਾਰੀ ਸਨ ਅਤੇ ਪਿਛਲੇ ਡੇਢ ਸਾਲ ਤੋਂ ਜੰਮੂ-ਕਸ਼ਮੀਰ ਪੁਲਸ ਦੇ ਅੱਤਵਾਦ ਰੋਕੂ ਸ਼ਾਖਾ ਵਿਚ ਸਨ।
ਅਧਿਕਾਰਤ ਸੂਤਰਾਂ ਮੁਤਾਬਕ ਅੱਤਵਾਦੀਆਂ ਦੀ ਮੌਜੂਦਗੀ ਦੀ ਖੁਫੀਆ ਸੂਚਨਾ ਦੇ ਆਧਾਰ 'ਤੇ ਰਾਸ਼ਟਰੀ ਰਾਈਫਲਜ਼, ਸੀ. ਆਰ. ਪੀ. ਐੱਫ. ਅਤੇ ਪੁਲਸ ਦੇ ਵਿਸ਼ੇਸ਼ ਮੁਹਿੰਮ ਦਸਤੇ ਨੇ ਜ਼ਿਲੇ ਦੇ ਤੁਰੀਗਾਮ ਵਿਚ ਦੁਪਹਿਰ ਨੂੰ ਸਾਂਝੀ ਮੁਹਿੰਮ ਸ਼ੁਰੂ ਕੀਤੀ। ਸੁਰੱਖਿਆ ਫੋਰਸ ਦੇ ਜਵਾਨ ਪਿੰਡ ਵਿਚ ਜਦੋਂ ਇਕ ਇਲਾਕੇ ਵੱਲ ਵਧ ਰਹੇ ਸਨ ਤਾਂ ਉੱਥੇ ਲੁੱਕੇ ਅੱਤਵਾਦੀਆਂ ਨੇ ਸਵੈ-ਚਾਲਿਤ ਹਥਿਆਰਾਂ ਨਾਲ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਵਿਚ ਜਵਾਨਾਂ ਨੇ ਵੀ ਗੋਲੀਆਂ ਚਲਾਈਆਂ।
ਦੱਸਣਯੋਗ ਹੈ ਕਿ ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਹੀ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਘਾਟੀ ਵਿਚ ਅੱਤਵਾਦੀਆਂ ਵਿਰੁੱਧ ਆਪਰੇਸ਼ਨ ਤੇਜ਼ ਕਰ ਦਿੱਤਾ ਹੈ। ਹਾਲ ਹੀ ਵਿਚ ਸੁਰੱਖਿਆ ਫੋਰਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਰਾਸ਼ਿਦ ਗਾਜ਼ੀ ਉਰਫ ਕਾਮਰਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਜੈਸ਼ ਅੱਤਵਾਦੀ ਗਾਜ਼ੀ 14 ਫਰਵਰੀ ਨੂੰ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਸੀ। ਪੁਲਵਾਮਾ ਹਮਲੇ 'ਚ ਸਾਡੇ 40 ਸੀ. ਆਰ. ਪੀ. ਐੱਫ. ਜਵਾਨ ਸ਼ਹੀਦ ਹੋ ਗਏ ਸਨ।