ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਨੇ ਕੋਵਿਡ ਟੀਕਾਕਰਨ ਲਈ ਅਧਿਕਾਰੀਆਂ ਨੂੰ ਦਿੱਤੇ ਖ਼ਾਸ ਨਿਰਦੇਸ਼

06/20/2021 1:56:44 PM

ਜੰਮੂ— ਦੇਸ਼ ਭਰ ’ਚ ਕੋਰੋਨਾ ਵਾਇਰਸ ਦੇ ਮਾਮਲੇ ਹੁਣ ਘਟਣੇ ਸ਼ੁਰੂ ਹੋ ਗਏ ਹਨ। ਅੱਜ ਯਾਨੀ ਕਿ ਐਤਵਾਰ ਨੂੰ 60 ਹਜ਼ਾਰ ਤੋਂ ਹੇਠਾਂ ਕੋਰੋਨਾ ਮਾਮਲੇ ਦਰਜ ਕੀਤੇ ਗਏ। ਓਧਰ ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਅਧਿਕਾਰੀਆਂ ਨੂੰ ਕੋਵਿਡ ਟੀਕਾਕਰਨ, ਸੰਪਰਕ ਟ੍ਰੇਸਿੰਗ ’ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। ਸਿਨਹਾ ਨੇ ਸ਼ੁੱਕਰਵਾਰ ਨੂੰ ਕੋਰੋਨਾ ਰੋਕਥਾਮ ਉਪਾਵਾਂ ਦੇ ਮੁਲਾਂਕਣ ਲਈ ਵੀਡੀਓ ਕਾਨਫਰੰਸਿੰਗ ਜ਼ਰੀਏ ਸਾਰੇ ਡਿਪਟੀ ਕਮਿਸ਼ਨਰਾਂ, ਐੱਸ. ਪੀ. ਅਤੇ ਜੰਮੂ-ਕਸ਼ਮੀਰ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਕੋਵਿਡ ਸਮੀਖਿਆ ਬੈਠਕ ਦੀ ਪ੍ਰਧਾਨਗੀ ਕੀਤੀ। ਰਾਜ ਭਵਨ ਵਲੋਂ ਜਾਰੀ ਇਕ ਬਿਆਨ ਮੁਤਾਬਕ ਸਿਨਹਾ ਨੇ ਕੋਵਿਡ ਸਥਿਤੀ ਬਾਰੇ ਜ਼ਿਲ੍ਹਾ-ਵਾਰ ਮੁਲਾਂਕਣ ਕਰਦੇ ਹੋਏ, ਜ਼ਿਲ੍ਹਿਆਂ ’ਚ ਪਾਜ਼ੇਟਿਵਿਟੀ ਦਰ ਵਿਚ ਕਮੀ ’ਤੇ ਧਿਆਨ ਦਿੱਤਾ। ਉਨ੍ਹਾਂ ਨੇ ਕੰਟੇਨਮੈਂਟ ਜ਼ੋਨ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਦੀ ਅਪੀਲ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਆਖਿਆ ਕਿ ਯਕੀਨੀ ਕਰੋ ਕਿ ਨਵੇਂ ਵਾਇਰਸ ਦੇ ਮਾਮਲਿਆਂ ਵਿਚ ਘੱਟ ਰਿਹਾ ਰੁਝਾਨ ਬਰਕਰਾਰ ਰਹੇ। 

ਉੱਪ ਰਾਜਪਾਲ ਨੇ ਕਿਹਾ ਕਿ ਜਨਤਕ ਹਿੱਸੇਦਾਰੀ, ਡਾਕਟਰਾਂ ਅਤੇ ਸਿਹਤ ਵਰਕਰਾਂ ਨਾਲ ਸਾਨੂੰ ਟੀਕਾਕਰਨ ਮੁਹਿੰਮ ਨੂੰ ਤੇਜ਼ ਕਰਨ ਲਈ ਸਿਵਲ ਸੁਸਾਇਟੀ ਦੇ ਸਮੂਹਾਂ ਅਤੇ ਧਾਰਮਿਕ ਨੇਤਾਵਾਂ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਸਿਨਹਾ ਨੇ ਸਮੂਹਿਕ ਜ਼ਿੰਮੇਵਾਰੀ ਨੂੰ ਰੇਖਾਂਕਿਤ ਕੀਤਾ ਅਤੇ ਲੋਕਾਂ ਨੂੰ ਵਿਵਹਾਰ ’ਚ ਬਦਲਾਅ ਲਿਆਉਣ ਦੀ ਅਪੀਲ ਕੀਤੀ, ਤਾਂ ਕਿ ਕੋਵਿਡ ਉਪਯੁਕਤ ਵਿਵਹਾਰ ਨੂੰ ਉਨ੍ਹਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਦਾ ਅੰਗ ਬਣਾਇਆ ਜਾ ਸਕੇ। ਨਾਗਰਿਕ ਪ੍ਰਸ਼ਾਸਨ ਅਤੇ ਪੁਲਸ ਨੂੰ ਲੋਕਾਂ ਨੂੰ ਸਮਾਜਿਕ ਦੂਰੀ, ਮਾਸਕ ਪਹਿਨਣ ਅਤੇ ਕੰਟਰੋਲ ਖੇਤਰਾਂ ਵਿਚ ਸਰਗਰਮ ਪਰੀਖਣ ਬਾਰੇ ਜਾਗਰੂਕ ਕਰਨ ਲਈ ਵਾਧੂ ਕੋਸ਼ਿਸ਼ਾਂ ਕਰਨੀ ਹੋਣਗੀਆਂ। ਉਨ੍ਹਾਂ ਨੇ ਬਾਜ਼ਾਰਾਂ ਅਤੇ ਹੋਰ ਖੇਤਰਾਂ ਵਿਚ ਲੋਕਾਂ ਤੱਕ ਪਹੁੰਚਣ ਲਈ ਸੰਯੁਕਤ ਟੀਮਾਂ ਦਾ ਗਠਨ ਕਰਨ ਨੂੰ ਕਿਹਾ। 

ਰਾਜ ਭਵਨ ਵਲੋਂ ਜਾਰੀ ਬਿਆਨ ਵਿਚ ਵਧੀਕ ਮੁੱਖ ਸਕੱਤਰ, ਸਿਹਤ ਅਤੇ ਮੈਡੀਕਲ ਸਿੱਖਿਆ ਮਹਿਕਮੇ ਨੇ ਕੋਵਿਡ-19 ਸਥਿਤੀ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਹੁਣ ਤੱਕ ਕੁੱਲ ਰਿਕਵਰੀ ਦਰ 95.2 ਫ਼ੀਸਦੀ ਸੀ, ਜਦਕਿ ਪਿਛਲੇ 24 ਘੰਟਿਆਂ ਵਿਚ ਪਾਜ਼ੇਟਿਵਿਟੀ ਦਰ ਡਿੱਗ ਕੇ 1.3 ਫ਼ੀਸਦੀ ਹੋ ਗਈ ਹੈ। 


Tanu

Content Editor

Related News