ਕੋਰੋਨਾ ਨਾਲ ਜੰਗ ''ਚ ਇਕਜੁੱਟ ਜੰਮੂ-ਕਸ਼ਮੀਰ ਦੀਆਂ ਔਰਤਾਂ, PM ਮੋਦੀ ਨੇ ਕਿਹਾ- ਸ਼ਲਾਘਾਯੋਗ
Sunday, Apr 26, 2020 - 10:27 AM (IST)
ਜੰਮੂ— ਕੋਰੋਨਾ ਵਾਇਰਸ ਮਹਾਮਾਰੀ ਨਾਲ ਇਸ ਸਮੇਂ ਪੂਰਾ ਦੇਸ਼ ਜੂਝ ਰਿਹਾ ਹੈ। ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ 'ਚ 3 ਮਈ ਤੱਕ ਲਾਕਡਾਊਨ ਲਾਗੂ ਕੀਤਾ ਗਿਆ ਹੈ, ਕਿਉਂਕਿ ਇਹ ਹੀ ਇਕੋ-ਇਕ ਉਪਾਅ ਹੈ। ਸੋਸ਼ਲ ਡਿਸਟੈਂਸਿੰਗ (ਸਮਾਜਿਕ ਦੂਰੀ) ਅਤੇ ਮਾਸਕ ਪਹਿਨਣਾ ਬੇਹੱਦ ਜ਼ਰੂਰੀ ਹੈ। ਇਸ ਮਿਸ਼ਨ 'ਚ ਕੁਝ ਸੰਸਥਾਵਾਂ ਜੁੜੀਆਂ ਹਨ ਅਤੇ ਉਂਝ ਵੀ ਘਰਾਂ 'ਚ ਔਰਤਾਂ ਮਾਸਕ ਬਣਾ ਕੇ ਇਸ ਮਹਾਮਾਰੀ ਨੂੰ ਰੋਕਣ 'ਚ ਆਪਣਾ ਯੋਗਦਾਨ ਪਾ ਰਹੀਆਂ ਹਨ। ਜੰਮੂ-ਕਸ਼ਮੀਰ ਦੇ ਕਠੂਆ 'ਚ ਇਕ ਐੱਨ. ਜੀ. ਓ. ਸੈਂਟਰ 'ਚ ਲੋੜਵੰਦਾਂ ਲਈ ਔਰਤ ਵਲੰਟੀਅਰ ਮਾਸਕ ਬਣਾ ਰਹੀਆਂ ਹਨ। ਇਕ ਵਲੰਟੀਅਰ ਨੇ ਕਿਹਾ ਕਿ ਅਸੀਂ ਹੁਣ ਤਕ ਲੱਗਭਗ 15 ਹਜ਼ਾਰ ਮਾਸਕ ਤਿਆਰ ਕੀਤੇ ਹਨ। ਹਰ ਔਰਤ ਰੋਜ਼ਾਨਾ ਲੱਗਭਗ 2 ਘੰਟੇ ਸੇਵਾ 'ਚ ਯੋਗਦਾਨ ਪਾਉਂਦੀ ਹੈ। ਇਸ ਲਈ ਅਸੀਂ ਰੋਜ਼ਾਨਾ 1000 ਦੇ ਕਰੀਬ ਮਾਸਕ ਤਿਆਰ ਕਰ ਲੈਂਦੇ ਹਾਂ।
ਇਨ੍ਹਾਂ ਔਰਤਾਂ ਵਲੰਟੀਅਰਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਤਾਰੀਫ ਕੀਤੀ ਹੈ। ਉਨ੍ਹਾਂ ਨੇ ਬਕਾਇਦਾ ਆਪਣੇ ਟਵਿੱਟਰ ਹੈਂਡਲ 'ਤੇ ਕਠੂਆ ਐੱਨ. ਜੀ. ਓ. ਦੀਆਂ ਔਰਤ ਵਲੰਟੀਅਰਾਂ ਦੀ ਮਾਸਕ ਬਣਾਉਂਦਿਆਂ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ- ਸ਼ਲਾਘਾਯੋਗ। ਕੋਵਿਡ-19 ਵਿਰੁੱਧ ਲੜਾਈ ਵਿਚ ਅਜਿਹੀ ਕੋਸ਼ਿਸ਼ ਮਹੱਤਵਪੂਰਨ ਹੈ।
ਦੱਸਣਯੋਗ ਹੈ ਕਿ ਭਾਰਤ 'ਚ ਮਾਸਕ ਦੀ ਕਮੀ ਨੂੰ ਦੇਖਿਆ ਅਜਿਹਾ ਕਦਮ ਵਾਕਿਆ ਹੀ ਸ਼ਲਾਘਾਯੋਗ ਹੈ ਤਾਂ ਕਿ ਹਰ ਲੋੜਵੰਦ ਦੀ ਮਦਦ ਕੀਤੀ ਜਾ ਸਕੇ। ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਹੁਣ ਤਕ ਮਰੀਜ਼ਾਂ ਦੀ ਗਿਣਤੀ 26 ਹਜ਼ਾਰ ਤੋਂ ਪਾਰ ਹੋ ਗਈ ਹੈ ਅਤੇ 824 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜੰਮੂ-ਕਸ਼ਮੀਰ ਵੀ ਵਾਇਰਸ ਦੀ ਲਪੇਟ 'ਚ ਹੈ, ਜਿੱਥੇ ਮਰੀਜ਼ਾਂ ਦੀ ਗਿਣਤੀ 400 ਤੋਂ ਪਾਰ ਹੈ ਅਤੇ 6 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ।