ਮੁੰਬਈ ''ਚ ਇਟਲੀ ਦੀ ਔਰਤ ਨੇ ਟੂਰ ਗਾਈਡ ''ਤੇ ਲਾਇਆ ਜਬਰ-ਜ਼ਨਾਹ ਦਾ ਦੋਸ਼

07/02/2018 8:22:20 AM

ਮੁੰਬਈ/ ਇਟਲੀ (ਭਾਸ਼ਾ)-ਇਟਲੀ ਦੀ 37 ਸਾਲਾ ਇਕ ਔਰਤ ਨੇ ਟੂਰ ਗਾਈਡ ਹੋਣ ਦਾ ਦਾਅਵਾ ਕਰਨ ਵਾਲੇ ਇਕ ਵਿਅਕਤੀ 'ਤੇ ਦੋਸ਼ ਲਾਇਆ ਹੈ ਕਿ ਉਸ ਨੇ ਮੁੰਬਈ ਦੇ ਜੁਹੂ ਇਲਾਕੇ 'ਚ ਬੀਤੀ 14 ਜੂਨ ਨੂੰ ਕੈਬ 'ਚ ਉਸ ਨਾਲ ਜਬਰ-ਜ਼ਨਾਹ ਕੀਤਾ। ਪੁਲਸ ਨੇ ਕਿਹਾ ਕਿ ਪੀੜਤਾ ਨੇ ਬੀਤੇ ਸ਼ੁੱਕਰਵਾਰ ਨੂੰ ਦਰਜ ਕਰਵਾਈ ਆਪਣੀ ਸ਼ਿਕਾਇਤ 'ਚ ਦੋਸ਼ ਲਾਇਆ ਹੈ ਕਿ ਘਟਨਾ ਵਾਲੇ ਦਿਨ ਉਹ ਮੁੰਬਈ ਦੇ ਟੂਰਿਸਟ ਸਥਾਨਾਂ ਦੀ ਯਾਤਰਾ ਲਈ ਇਕ ਬੱਸ ਵਿਚ ਬੈਠੀ ਸੀ। ਉਹ ਮੁਲਜ਼ਮ ਵਿਅਕਤੀ ਨਾਲ 14 ਜੂਨ ਨੂੰ ਬੱਸ ਟੂਰ ਦੌਰਾਨ ਮਿਲੀ। ਉਸ ਨੇ ਖੁਦ ਦੀ ਪਛਾਣ ਇਕ ਟੂਰ ਗਾਈਡ ਦੇ ਤੌਰ 'ਤੇ ਕਰਵਾਈ ਅਤੇ ਪੀੜਤਾ ਨੇ ਉਸ ਦੀਆਂ ਸੇਵਾਵਾਂ ਲਈਆਂ। 
ਮੁਲਜ਼ਮ ਨੇ ਇਕ ਕੈਬ ਬੁੱਕ ਕੀਤੀ ਅਤੇ ਸ਼ਿਕਾਇਤਕਰਤਾ ਨੇ ਸਾਨੂੰ ਦੱਸਿਆ ਕਿ ਉਸ ਨੇ ਨੇੜਿਓਂ ਸ਼ਰਾਬ ਖਰੀਦਣ ਲਈ ਵਾਹਨ ਰੁਕਵਾਇਆ। ਪੀੜਤਾ ਨੂੰ ਸ਼ਰਾਬ ਪੀਣ ਲਈ ਮਜਬੂਰ ਕੀਤਾ ਅਤੇ ਉਸ ਨੂੰ ਅਣਉਚਿਤ ਤਰੀਕੇ ਨਾਲ ਛੂਹਿਆ ਵੀ। ਉਸ ਨੇ ਉਸ ਤੋਂ ਬਾਅਦ ਕਾਰ ਵਿਚ ਉਸ ਨਾਲ ਜਬਰ-ਜ਼ਨਾਹ ਕੀਤਾ। ਪੁਲਸ ਨੇ ਕਿਹਾ ਕਿ ਪੀੜਤਾ ਨੇ ਇਤਾਲਵੀ ਦੂਤਘਰ ਨਾਲ ਸੰਪਰਕ ਕੀਤਾ, ਜਿਸ ਨੇ ਉਸ ਨੂੰ ਸਥਾਨਕ ਪੁਲਸ ਵਿਚ ਮਾਮਲਾ ਦਰਜ ਕਰਵਾਉਣ ਲਈ ਕਿਹਾ। ਜੁਹੂ ਪੁਲਸ ਥਾਣੇ ਦੇ ਅਧਿਕਾਰੀ ਨੇ ਕਿਹਾ ਕਿ ਜਬਰ-ਜ਼ਨਾਹ ਦਾ ਇਕ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਪੀੜਤਾ ਪਿਛਲੇ ਸਾਲ ਦਸੰਬਰ ਵਿਚ ਭਾਰਤ ਆਈ ਸੀ ਅਤੇ ਉਹ 11 ਜੂਨ ਨੂੰ ਮੁੰਬਈ ਪਹੁੰਚੀ ਸੀ।


Related News